- ਆਰ.ਐਸ ਮਾਡਲ ਸਕੂਲ ਵਿਖੇ ਆਯੋਜਿਤ ਹੋਇਆ ਸਮਾਗਮ
- ਪ੍ਰੋਗਰਾਮ ਦਾ ਮੁੱਖ ਮੰਤਵ ਨਵੀਂ ਪੀੜ੍ਹੀ ਦੇ ਮਨ 'ਚ ਆਪਣੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨਾ - ਜ਼ਿਲ੍ਹਾ ਭਾਸ਼ਾ ਅਫਸਰ ਡਾ. ਸੰਦੀਪ ਸ਼ਰਮਾ
ਲੁਧਿਆਣਾ, 02 ਅਗਸਤ : ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਡਾ. ਵੀਰਪਾਲ ਕੌਰ ਦੀ ਰਹਿਨੁਮਾਈ ਵਿੱਚ ਇਸ ਸਾਲ ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਥਾਨਕ ਆਰ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸ਼ਤਰੀ ਨਗਰ ਲੁਧਿਆਣਾ ਵਿਖੇ ਕਰਵਾਏ ਗਏ। ਸਾਹਿਤ ਸਿਰਜਣ ਮੁਕਾਬਲਿਆਂ ਵਿੱਚ ਕਵਿਤਾ ਰਚਨਾ, ਲੇਖ ਰਚਨਾ ਅਤੇ ਕਹਾਣੀ ਰਚਨਾ ਦੇ ਮੁਕਾਬਲੇ ਹੋਏ। ਨਵੀਂ ਪੀੜ੍ਹੀ ਦੇ ਮਨ ਵਿੱਚ ਆਪਣੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਦੇ ਮਕਸਦ ਨਾਲ਼ ਭਾਸ਼ਾ ਵਿਭਾਗ ਪੰਜਾਬ ਹਰ ਸਾਲ ਸਕੂਲੀ ਵਿਦਿਆਰਥੀਆਂ ਦੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਉਂਦਾ ਹੈ। ਇਹ ਮੁਕਾਬਲਾ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਬਾਅਦ ਵਿੱਚ ਰਾਜ ਪੱਧਰ ਉਤੇ ਕਰਵਾਏ ਜਾਂਦੇ ਹਨ। ਕਵਿਤਾ ਗਾਇਨ ਵਿੱਚ ਵਿਭਾਗ ਵੱਲੋਂ ਨਿਰਧਾਰਿਤ ਕੁਝ ਚੋਣਵੇਂ ਪ੍ਰਮੁੱਖ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦੇ ਗਾਇਨ ਦਾ ਮੁਕਾਬਲਾ ਹੋਇਆ। ਸਮਾਗਮ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਡਾ. ਸੰਦੀਪ ਸ਼ਰਮਾ ਨੇ ਮੁਕਾਬਲਿਆਂ ਦੀ ਰੂਪ-ਰੇਖਾ ਸੰਬੰਧੀ ਵਿਸਥਾਰ ਜਾਣਕਾਰੀ ਦਿੱਤੀ ਅਤੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ(ਸ) ਸ਼੍ਰੀਮਤੀ ਡਿੰਪਲ ਮਦਾਨ ਬਤੌਰ ਮੁੱਖ ਮਹਿਮਾਨ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਜਸਵਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਲੁਧਿਆਣਾ ਸ਼੍ਰੀ ਦਵਿੰਦਰ ਸਿੰਘ ਲੋਟੇ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਨ੍ਹਾਂ ਮੁਕਾਲਿਆਂ ਲਈ ਸਾਹਿਤ ਅਤੇ ਕਲਾ ਜਗਤ ਦੀਆਂ ਪ੍ਰਸਿੱਧ ਹਸਤੀਆਂ ਤ੍ਰੈਲੋਚਨ ਲੋਚੀ, ਜਤਿੰਦਰ ਹਾਂਸ ਅਤੇ ਹਰਲੀਨ ਸੋਨਾ ਅਤੇ ਕਾਲਜ ਅਧਿਆਪਕਾਂ ਵਿੱਚੋਂ ਡਾ. ਸ਼ਰਨਜੀਤ ਕੌਰ ਪਰਮਾਰ, ਪ੍ਰੋ ਇੰਦਰਪਾਲ, ਡਾ.ਮਨਜੀਤ ਕੌਰ ਅਤੇ ਪ੍ਰੋ ਜਸਵਿੰਦਰ ਧਨਾਨਸੂ ਨੇ ਜੱਜ ਵਜੋਂ ਭੂਮਿਕਾ ਨਿਭਾਈ। ਮੁਕਾਬਲਿਆਂ ਵਿੱਚ ਜ਼ਿਲ੍ਹਾ ਭਰ ਦੇ ਵੱਖ-ਵੱਖ ਸਰਕਾਰੀ/ਪ੍ਰਾਈਵੇਟ/ਅਰਧ ਸਰਕਾਰੀ ਸਕੂਲਾਂ ਦੁਆਰਾ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਤਕਰੀਬਨ ਢਾਈ ਸੌ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਕਵਿਤਾ ਗਾਇਨ ਹਰਜੋਤ ਸਿੰਘ ( ਸਹਸ ਅਯਾਲੀ ਕਲਾਂ) , ਜਸਵਿੰਦਰ ਸਿੰਘ (ਸਸਸਸ ਸੋਹੀਆਂ) ਅਤੇ ਵੰਸ਼ ( ਸਹਸ ਕੈਲਾਸ਼ ਨਗਰ ) ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੇਖ ਰਚਨਾ ਵਿੱਚ ਮਨਵੀਰ ਕੌਰ (ਸ ਕੰ ਸਸਸ ਸਾਹਨੇਵਾਲ), ਅਰਸ਼ਪ੍ਰੀਤ ਕੌਰ ( ਸਹਸ ਤਲਵੰਡੀ ਖੁਰਦ) ਅਤੇ ਮੋਹਿਤ ਗੌਤਮ (ਮਾਲਵਾ ਖ਼ਾਲਸਾ ਸਸ ਸਕੂਲ) ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਹਾਣੀ ਵਿੱਚ ਰੀਆ (ਆਰ ਐਸ ਮਾਡਲ ਸਸ ਲੁਧਿਆਣਾ), ਸ਼ਿਸ਼ਟੀ ਕੁਮਾਰੀ (ਸਸਸਸ ਉਮੈਦਪੁਰ) ਅਤੇ ਅਰਸ਼ਪ੍ਰੀਤ ਕੌਰ ( ਸਸਸਸ ਦੇਤਵਾਲ) ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਕਵਿਤਾ ਰਚਨਾ ਵਿੱਚ ਅਰਮਾਨ( ਸਸਸਸ ਪਮਾਲ), ਬਬਨਪ੍ਰੀਤ ਸਿੰਘ(ਸਸਸਸ ਦਾਖਾ) ਅਤੇ ਤਰਨਪ੍ਰੀਤ ਸਿੰਘ (ਸਹਸ ਤਲਵੰਡੀ ਖੁਰਦ ) ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਸਰਟੀਫਿਕੇਟ , ਕੈਸ਼ ਇਨਾਮ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਡਿੰਪਲ ਮਦਾਨ ਨੇ ਜੇਤੂ ਵਿਦਿਆਰਥੀਆਂ ਅਤੇ ਤਿਆਰੀ ਕਰਾਉਣ ਵਾਲੇ ਅਧਿਆਪਕ ਸਾਹਿਬਾਨ ਨੂੰ ਮੁਬਾਰਕਬਾਦ ਦਿੱਤੀ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਜਸਵੀਰ ਕੌਰ ਅਤੇ ਖੋਜ ਅਫ਼ਸਰ ਸੰਦੀਪ ਸਿੰਘ ਨੇ ਨਿਭਾਈ। ਸਕੂਲ ਦੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਸਨਪ੍ਰੀਤ ਕੌਰ ਅਤੇ ਵਿਦਿਆਰਥੀਆਂ ਨੇ ਸਮਾਗਮ ਦੇ ਪ੍ਰਬੰਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮੁਕਾਬਲਿਆਂ ਵਿੱਚ ਹਰੇਕ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਬਾਅਦ ਵਿੱਚ ਰਾਜ ਪੱਧਰੀ ਮੁਕਾਬਲਿਆਂ ਵਿੱਚ ਵੀ ਭਾਗ ਲੈਣਗੇ। ਪ੍ਰਿੰਸੀਪਲ ਆਰ.ਐਸ ਮਾਡਲ ਸੀਨੀ ਸੈਕੰ. ਸਕੂਲ ਡਾ. ਸੰਜੀਵ ਚੰਦੇਲ ਦੁਆਰਾ ਅੰਤ ਵਿੱਚ ਆਏ ਮਹਿਮਾਨਾਂ ਅਤੇ ਭਾਸ਼ਾ ਵਿਭਾਗ ਦਾ ਇੱਕ ਸ਼ਾਨਦਾਰ ਸਮਾਗਮ ਉਲੀਕਣ ਲਈ ਧੰਨਵਾਦ ਕੀਤਾ ਅਤੇ ਭਰੋਸਾ ਦੁਆਇਆ ਕਿ ਭਵਿੱਖ ਵਿੱਚ ਵੀ ਉਹ ਅਜਿਹੇ ਸਮਾਗਮਾਂ ਲਈ ਪੂਰਨ ਸਹਿਯੋਗ ਕਰਨਗੇ। ਭਰਵੀਂ ਹਾਜ਼ਰੀ ਵਾਲੇ ਇਸ ਸਮਾਗਮ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਤਕਰੀਬਨ ਸੌ ਅਧਿਆਪਕ ਵੀ ਹਾਜ਼ਰ ਰਹੇ।