- ਜਿਲ੍ਹੇ ਦੇ 6 ਓਟ ਕਲੀਨਿਕ ਵਿਖੇ ਲੱਗਣਗੇ ਵਿਸ਼ੇਸ਼ ਕੈਂਪ, ਕੀਤੀ ਜਾਵੇਗੀ ਸਕਰੀਨਿੰਗ
ਫਾਜ਼ਿਲਕਾ ,24 ਜੂਨ : ਜਿਲਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵਲੋਂ ਕੱਲ 26 ਜੂਨ ਨੂੰ ਸੀ ਐੱਚ ਸੀ ਖੁਈਖੇੜਾ ਵਿਖੇ ਜਿ਼ਲ੍ਹਾ ਪੱਧਰੀ ਅੰਤਰ—ਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਜਾਵੇਗਾ। ਜਿਸ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ: ਸੇਨੁ ਦੁੱਗਲ ਸਿ਼ਰਕਤ ਕਰਣਗੇ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਸਿਵਿਲ ਸਰਜਨ ਫਾਜ਼ਿਲਕਾ ਡਾਕਟਰ ਸਤੀਸ਼ ਗੋਇਲ ਕਰਨਗੇ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਇਸ ਦਿਨ ਜਿ਼ਲ੍ਹੇ ਦੇ ਸਾਰੇ ਓਟ ਕਲੀਨਿਕਾਂ ਵਿਖੇ ਨਸ਼ੇ ਤੋਂ ਪੀੜਿਤ ਮਰੀਜਾਂ ਦੀ ਸਕਰੀਨਿੰਗ ਅਤੇ ਕਾਊਂਸਲਿੰਗ ਵੀ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਿਲ ਸਰਜਨ ਡਾਕਟਰ ਬਬੀਤਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮਾਜ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਖ—ਵੱਖ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ । ਨਸ਼ਿਆਂ ਨਾਲ ਪੀੜਤ ਵਿਅਕਤੀ ਇੱਕ ਕਿਸਮ ਦਾ ਮਰੀਜ਼ ਹੁੰਦਾ ਹੈ ਜਿਸਨੂੰ ਕਿ ਇਲਾਜ ਦੀ ਸਖਤ ਜਰੂਰਤ ਹੁੰਦੀ ਹੈ ਅਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨਾਲ ਵਿਤਕਰੇ ਦੀ ਥਾਂ ਤੇ ਪਿਆਰ ਅਤੇ ਅਪਣੱਤ ਦੀ ਭਾਵਨਾ ਨਾਲ ਉਸਨੂੰ ਇਸ ਸਮੱਸਿਆ ਵਿਚੋਂ ਕੱਢਣ ਦਾ ਯਤਨ ਕਰੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਮੱਸਿਆ ਦੇ ਖਾਤਮੇ ਲਈ ਓਟ ਕੇਂਦਰ, ਨਸ਼ਾ ਛੁਡਾਊ ਕੇਂਦਰ ਅਤੇ ਪੁਨਰਵਸੇਬਾ ਕੇਂਦਰਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ਼ ਚਲਾਇਆ ਜਾ ਰਿਹਾ ਹੈ । ਇਨ੍ਹਾਂ ਕੇਂਦਰਾਂ ਵਿਚ ਇਲਾਜ ਦੇ ਨਾਲ ਨਾਲ ਮਾਹਿਰ ਕਾਊਂਸਲਰਾਂ ਅਤੇ ਮਨੋਰੋਗ ਮਾਹਿਰਾਂ ਵੱਲੋਂ ਉਨ੍ਹਾਂ ਦੀ ਕਾਊਂਸਲਿਂਗ ਵੀ ਕੀਤੀ ਜਾਂਦੀ ਹੈ ਤਾਂ ਜੋ ਉਹ ਨਸ਼ਾ ਛੱਡਣ ਲਈ ਮਾਨਸਿਕ ਤੌਰ ਤੇ ਵੀ ਮਜਬੂਤ ਹੋ ਸਕਣ ।ਸਮਾਜ ਦੇ ਆਮ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਇਸ ਸਮੱਸਿਆ ਬਾਰੇ ਜਾਗਰੂਕ ਕਰਨ ਲਈ ਡੈਪੋ ਅਤੇ ਬਡੀ ਪ੍ਰੋਗਰਾਮਾਂ ਨੂੰ ਵੀ ਸਫ਼ਲਤਾ ਪੂਰਵਕ ਚਲਾਇਆ ਗਿਆ ਹੈ ਜਿਸ ਨਾਲ ਸਮਾਜ ਦੀ ਸੋਚ ਨੂੰ ਕਾਫ਼ੀ ਹਦ ਤੱਕ ਬਦਲਿਆ ਗਿਆ ਹੈ । ਉਹਨ੍ਹਾਂ ਨੇ ਅਪੀਲ ਕੀਤੀ ਕਿ ਆਮ ਲੋਕ ਵੀ ਸਰਕਾਰ ਦੀ ਇਸ ਨਸ਼ਾ ਵਿਰੋਧੀ ਮੁਹਿੰਮ ਵਿਚ ਆਪਣਾ ਸਹਿਯੋਗ ਦੇਣ ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਸ ਨਸ਼ਿਆਂ ਰੂਪੀ ਦਲਦਲ ਤੋਂ ਬਚਾਇਆ ਜਾ ਸਕੇ ਅਤੇ ਪੰਜਾਬ ਤਰੱਕੀ ਦੇ ਰਾਹ ਤੇ ਵਧ ਸਕੇ ।
26 ਜ਼ੂਨ ਨੂੰ ਇੰਨ੍ਹਾਂ ਓਟ ਕਲੀਨਿਕਾਂ ਤੇ ਲੱਗਣਗੇ ਵਿਸੇਸ਼ ਕੈਂਪ
ਮੁੜ ਵਸੇਬਾ ਕੇਂਦਰ ਅਤੇ ਓਟ ਕਲੀਨਿਕ ਜੱਟ ਵਾਲਾ, ਸੀਐਸਚੀ ਡੱਬਵਾਲਾ ਕਲਾਂ, ਸੀਐਚਸੀ ਜਲਾਲਾਬਾਦ, ਸੀਐਚਸੀ ਖੂਈਖੇੜਾ, ਸੀਐਚਸੀ ਸੀਤੋ ਗੁਨੋ ਅਤੇ ਸਿਵਲ ਹਸਪਤਾਲ ਅਬੋਹਰ ਵਿਖੇ 26 ਜ਼ੂਨ ਨੂੰ ਵਿਸੇ਼ਸ ਕੈਂਪ ਲੱਗ ਰਹੇ ਹਨ ਜਿੱਥੇ ਨਸ਼ੇ ਤੋਂ ਪੀੜਤਾਂ ਨੂੰ ਇਲਾਜ ਸੰਬੰਧੀ ਸਾਰੀ ਜਾਣਕਾਰੀ, ਮਨੋਵਿਗਿਆਨ ਸਲਾਹ ਅਤੇ ਕਾਉਂਸਲਿੰਗ ਦਿੱਤੀ ਜਾਵੇਗੀ।ਓਟ ਕਲੀਨਕ ਤੇ ਇਲਾਜ ਲਈ ਆਉਣ ਵਾਲਿਆਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ।