- ਵੱਖ ਵੱਖ ਵਿਭਾਗਾਂ ਨੇ ਸ਼ਮੂਲੀਅਤ ਕਰਕੇ ਕਾਉੇਂਸਲਰਾਂ ਵਿੱਚ ਫੈਲਾਈ ਬੱਚਿਆਂ ਦੇ ਉਜਵਲ ਭਵਿੱਖ ਲਈ ਸਹਾਈ ਕੋਰਸਾਂ/ਖੇਤਰਾਂ/ਸਕੀਮਾਂ ਪ੍ਰਤੀ ਚੇਤਨਤਾ
ਮੋਗਾ, 8 ਅਗਸਤ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲੀ ਬੱਚਿਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਅਤੇ ਸਮੇਂ ਦੀ ਮੰਗ ਅਨੁਸਾਰ ਕੋਰਸਾਂ ਜਾਂ ਉਚੇਰੀ ਪੜ੍ਹਾਈ ਦੇ ਵੱਖ ਵੱਖ ਖੇਤਰਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਸਕੂਲੀ ਬੱਚਿਆਂ ਵਿੱਚ ਸਕੂਲ ਪੱਧਰ ਉੱਪਰ ਹੀ ਵਧੀਆ ਉਚੇਰੀ ਪੜ੍ਹਾਈ ਪ੍ਰਤੀ ਜਾਗਰੂਕਤਾ ਉਨ੍ਹਾਂ ਦੇ ਉੱਜਵਲ ਭਵਿੱਖ ਬਣਨ ਵਿੱਚ ਮੀਲ ਪੱਥਰ ਸਾਬਿਤ ਹੋਵੇਗੀ। ਜ਼ਿਲ੍ਹਾ ਮੋਗਾ ਵਿੱਚ 81 ਹਾਈ ਸਕੂਲਾਂ ਅਤੇ 89 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਾਈਡੈਂਸ ਕਾਉਂਸਲਰ ਬੱਚਿਆਂ ਦੀ ਕਾਉਂਸਲਿੰਗ ਕਰ ਰਹੇ ਹਨ ਤਾਂ ਕਿ ਉਹ ਹੁਣੇ ਤੋਂ ਹੀ ਕਾਮਯਾਬੀ ਵਾਲੇ ਖੇਤਰ ਦੀ ਚੋਣ ਕਰ ਸਕਣ। ਜਿਲ੍ਹਾ ਰੋਜ਼ਗਾਰ ਉੱਤਪੱਤੀ ਅਤੇ ਟ੍ਰੇਨਿੰਗ ਅਫ਼ਸਰ ਮੋਗਾ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ 170 ਦੇ ਕਰੀਬ ਕਰੀਅਰ ਗਾਈਡੈਂਸ ਕਾਉਂਸਲਰਾਂ ਲਈ ਜ਼ਿਲ੍ਹਾ ਸਿੱਖਿਆ ਵਿਭਾਗ ਮੋਗਾ ਦੇ ਸਹਿਯੋਗ ਨਾਲ ਇੱਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਤਾਂ ਕਿ ਇਨ੍ਹਾਂ ਵਿੱਚ ਚੰਗੇ ਭਵਿੱਖ ਬਣਾਉਣ ਲਈ ਮਹੱਤਵਪੂਰਨ ਖੇਤਰਾਂ/ਕੋਰਸਾਂ/ਸਕੀਮਾਂ ਸਬੰਧੀ ਹੋਰ ਨਿਪੁੰਨਤਾ ਪੈਦਾ ਕੀਤੀ ਜਾ ਸਕੇ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਵੱਲੋਂ ਗਾਈਡੈਂਸ ਕਾਊਸਲਰਾਂ ਨੂੰ ਸੰਬੰਧਿਤ ਕੋਰਸਾਂ/ਸਕੀਮਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੋਕੇ ਜ਼ਿਲ੍ਹਾ ਗਾਈਡੈਂਸ ਇੰਚਾਰਜ ਸ਼੍ਰੀਮਤੀ ਜਗਜੀਤ ਕੌਰ, ਆਈ.ਐਸ.ਐਫ. ਫਾਰਮੈਸੀ ਕਾਲਜ ਦੇ ਪ੍ਰੋਫੈਸਰ ਸ਼੍ਰੀ ਸ਼ਮਸ਼ੇਰ ਸਿੰਘ ਬਾਜਵਾ, ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਤੋਂ ਡਾ: ਮਧੂ ਸ਼ਰਮਾ, ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਤੋਂ ਪ੍ਰੋ: ਰਵਿੰਦਰ (ਰਵੀ), ਪ੍ਰੋ: ਬਲਵਿੰਦਰਸਿੰਘ (ਰਿਟਾ:), ਕਰੀਅਰ ਕਾਊਂਸਲਰ ਮੋਗਾ ਬਲਰਾਜ ਸਿੰਘ, ਮੱਛੀ ਪਾਲਣ ਅਫਸਰ ਮੋਗਾ ਸ਼੍ਰੀ ਬਲਜੋਤ ਸਿੰਘ,ਸੀ. ਪਾਈਟ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਤੋਂ ਸ਼੍ਰੀ ਦਵਿੰਦਰਪਾਲ ਸਿੰਘ ਪ੍ਰਮੁੱਖ ਬੁਲਾਰਿਆਂ ਵਜੋਂ ਸ਼ਾਮਿਲ ਹੋਏ। ਇਨ੍ਹਾਂ ਬੁਲਾਰਿਆਂ ਨੇ ਕਰੀਅਰ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀਆਂ ਵਿਸਥਾਰ ਨਾਲ ਜਾਣਕਾਰੀ ਸਾਂਝੀਆਂ ਕੀਤੀਆਂ। ਇਸ ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀਮਤੀ ਪਰਮਿੰਦਰ ਕੌਰ ਨੇ ਸਿੱਖਿਆ ਵਿਭਾਗ, ਆਈ.ਐਸ.ਐਫ. ਕਾਲਜ ਦੇ ਪ੍ਰਬੰਧਕਾਂ ਅਤੇ ਸਮੂਹ ਗਾਈਡੈਂਸ ਕਾਉਂਸਲਰਾਂ ਦਾ ਧੰਨਵਾਦ ਕੀਤਾ।