- ਢੁਕਵੀਆਂ ਮੈਡੀਕਲ ਟੀਮਾਂ ਦੀ ਹੋ ਚੁੱਕੀ ਤਾਇਨਾਤੀ, ਕਰ ਰਹੀਆਂ 24 ਘੰਟੇ ਡਿਊਟੀ-ਡਿਪਟੀ ਕਮਿਸ਼ਨਰ
ਮੋਗਾ, 15 ਜੁਲਾਈ : ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਜ਼ਿਲ੍ਹਾ ਮੋਗਾ ਵਿੱਚ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਤੱਕ ਰਸਦ ਵਸਤਾਂ ਪਹੁੰਚਾਉਣ ਲਈ ਵਚਨਬੱਧ ਹੈ। ਜ਼ਿਲ੍ਹਾ ਮੋਗਾ ਵਿੱਚ ਧਰਮਕੋਟ ਦੇ ਦਰਿਆ ਦੇ ਲਾਗਲੇ ਪਿੰਡਾਂ ਦੇ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਲਗਾਤਾਰ ਪਹੁੰਚ ਬਣਾ ਕੇ ਹਰ ਸੰਭਵ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਦੀ 24 ਘੰਟੇ ਸਹਾਇਤਾ ਲਈ ਮੈਡੀਕਲ ਟੀਮਾਂ ਦੀ ਤਾਇਨਾਤੀ ਤੋਂ ਇਲਾਵਾ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਨਿੱਤ ਦਿਨ ਵਾਂਗ ਅੱਜ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਵੱਲੋਂ ਪਸ਼ੂਆਂ ਲਈ ਹਰੇ ਚਾਰੇ ਦੀ ਸੇਵਾ ਨਿਭਾਈ ਗਈ, ਰਾਹਤ ਕੇਂਦਰ ਮੰਡੀ ਭੈਣੀ ਵਿਖੇ ਘਰੇਲੂ ਰਸੋਈ ਦੇ ਸਮਾਨ ਦੀ ਵੰਡ ਕੀਤੀ ਗਈ। ਮੈਡੀਕਲ ਸਹਾਇਤਾ ਦੀ ਗੱਲ ਕਰੀਏ ਤਾਂ ਇਨ੍ਹਾਂ ਪਿੰਡਾਂ ਵਿੱਚ ਯੋਗ ਮੈਡੀਕਲ ਟੀਮਾਂ ਦੀ ਤਾਇਨਤੀ ਵੀ ਕੀਤੀ ਗਈ ਹੈ ਜਿੰਨ੍ਹਾਂ ਵਿੱਚ ਰੇਪਿਡ ਰਿਸਪਾਂਸ ਟੀਮਾਂ, ਮੋਬਾਇਲ ਮੈਡੀਕਲ ਟੀਮਾਂ ਸ਼ਾਮਿਲ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਮੈਡੀਕਲ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ। ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਹੜ੍ਹਾਂ ਦੇ ਹਾਲਾਤ ਬਿਲਕੁਲ ਸਥਿਰ ਨਹੀਂ ਹੋ ਜਾਂਦੇ ਰਾਹਤ ਕਾਰਜਾਂ ਵਿੱਚ ਬਿਲਕੁਲ ਵੀ ਕਮੀ ਨਹੀਂ ਆਵੇਗੀ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਤੋਂ ਇਲਾਵਾ ਹਰ ਇੱਕ ਲੋੜੀਂਦੀ ਚੀਜ ਮੁਹੱਈਆ ਕਰਵਾਈ ਜਾਂਦੀ ਰਹੇਗੀ।