- ਸਾਰੇ ਵਿਭਾਗਾਂ ਵੱਲੋਂ ਅਗੇਤੇ ਪ੍ਰਬੰਧ ਮੁਕੰਮਲ—ਡਿਪਟੀ ਕਮਿਸ਼ਨਰ
ਫਾਜਿ਼ਲਕਾ, 12 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਰੋਕਥਾਮ ਲਈ ਅਗੇਤੀਆਂ ਤਿਆਰੀਆਂ ਸਬੰਧੀ ਦਿੱਤੇ ਨਿਰਦੇਸ਼ਾਂ ਤਹਿਤ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਾਰੇ ਅਗੇਤੇ ਪ੍ਰਬੰਧ ਕਰ ਲਏ ਗਏ ਹਨ।ਇਸ ਤੋਂ ਬਿਨ੍ਹਾਂ ਸਾਰੇ ਸਬੰਧਤ ਵਿਭਾਗ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ਆਪੋ ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਤੇ ਲੱਗੇ ਹੋਏ ਹਨ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੰਦਿਆਂ ਦੱਸਿਆ ਕਿ ਬੁੱਧਵਾਰ ਦੁਪਹਿਰ 3 ਵਜੇ ਤੱਕ ਹੁਸੈਨੀਵਾਲਾ ਤੋਂ 187182 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਬੀਤੀ ਅੱਧੀ ਰਾਤ ਤੋਂ ਇਹ ਇੰਨ੍ਹਾਂ ਹੀ ਡਿਸਚਾਰਜ ਹੋ ਰਿਹਾ ਹੈ।ਕਾਂਵਾਂਵਾਲੀ ਪੁੱਲ ਤੇ ਹਾਲੇ ਪੁੱਲ ਤੋਂ ਪਾਣੀ ਕਾਫੀ ਨੀਂਵਾਂ ਹੈ ਅਤੇ ਕਾਂਵਾਂ ਵਾਲੀ ਪੁਲ ਕੋਲ ਪਾਣੀ ਨਦੀ ਦੇ ਕਿਨਾਰਿਆਂ ਦੇ ਅੰਦਰ ਹੀ ਹੈ।ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਬੀਐਸਐਫ ਨਾਲ ਵੀ ਲਗਾਤਾਰ ਤਾਲਮੇਲ ਰੱਖਿਆ ਜਾ ਰਿਹਾ ਹੈ ਤਾਂ ਜ਼ੋ ਪੱਤਣ ਪੋਸਟ ਤੋਂ ਅੱਗੇ ਪਾਕਿਸਤਾਨ ਵਾਲੇ ਪਾਸੇ ਨੂੰ ਲਗਾਤਾਰ ਪਾਣੀ ਦੀ ਨਿਕਾਸੀ ਹੁੰਦੀ ਰਹੇ। ਦੂਜ਼ੇ ਪਾਸੇ ਜਿ਼ਲ੍ਹਾ ਪ੍ਰਸ਼ਾਸਨ ਦੇ ਵੱਖ ਵੱਖ ਵਿਭਾਗ ਪਿੰਡਾਂ ਵਿਚ ਲੋਕਾਂ ਦੀ ਸਹਾਇਤਾ ਅਤੇ ਸੇਵਾ ਲਈ ਲੱਗੇ ਹੋਏ ਹਨ। ਸਿਹਤ ਵਿਭਾਗ ਦੀ ਮੈਡੀਕਲ ਟੀਮ ਵੱਲੋਂ ਪਿੰਡ ਮਹਾਤਮ ਨਗਰ ਵਿਚ ਕੈਂਪ ਕਰਕੇ ਲੋਕਾਂ ਨੂੰ ਦਵਾਈਆਂ ਅਤੇ ਸਿਹਤ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਦੁਧਾਰੂ ਜਾਨਵਰਾਂ ਦਾ ਟੀਕਾਕਰਨ ਕਰ ਰਹੀਆਂ ਹਨ ਤਾਂ ਜ਼ੋ ਜਾਨਵਰਾਂ ਵਿਚ ਪਾਣੀ ਦੇ ਜਾਣ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ। ਇਸ ਤੋਂ ਬਿਨ੍ਹਾਂ ਡ੍ਰੇਨਜ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਕਰੀਕ ਦੇ ਪੂਰਬੀ ਬੰਨ੍ਹ ਨੂੰ ਸੁਰੱਖਿਤ ਰੱਖਣ ਲਈ ਉਪਰਾਲਿਆਂ ਦੀ ਲੜੀ ਤਹਿਤ ਕਮਜੋਰ ਥਾਂਵਾਂ ਤੇ ਮਿੱਟੀ ਦੇ ਥੈਲੇ ਭਰ ਕੇ ਲਗਾਏ ਜਾ ਰਹੇ ਹਨ। ਪੁਲ ਤੇ ਕੇਲੀ ਫਸਨ ਤੇ ਕੱਢਣ ਲਈ ਜ਼ੇਸੀਬੀ ਮੌਜ਼ੂਦ ਹੈ। ਰਸਦ ਵਿਭਾਗ ਵੱਲੋਂ ਪਿੰਡਾਂ ਵਿਚ ਪਾਣੀ ਭਰਨ ਦੀ ਸੂਰਤ ਵਿਚ ਇੱਥੋਂ ਨਿਕਾਸੀ ਕੀਤੇ ਜਾਣ ਵਾਲੇ ਲੋਕਾਂ ਲਈ ਰਾਸ਼ਨ ਦੇ ਪੈਕਟ ਤਿਆਰ ਕੀਤੇ ਜਾ ਰਹੇ ਹਨ।ਜਦ ਕਿ ਜਿ਼ਲ੍ਹੇ ਵਿਚ 17 ਥਾਂਵਾਂ ਰਾਹਤ ਕੈਂਪ ਸਥਾਪਿਤ ਕਰਨ ਲਈ ਚਿੰਨਹਤ ਹਨ। ਇਸ ਤੋਂ ਬਿਨ੍ਹਾਂ ਮਾਲ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਬਾਰਡਰ ਬੈਲਟ ਦੇ ਪਿੰਡਾਂ ਵਿਚ ਲਗਾਤਾਰ ਜਾ ਕੇ ਲੋਕਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਪਾਣੀ ਦੀ ਅਸਲ ਸਥਿਤੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜ਼ੋ ਜ਼ੇਕਰ ਇੱਥੋਂ ਲੋਕਾਂ ਨੂੰ ਬਾਹਰ ਕੱਢਣ ਦਾ ਫੈਸਲਾ ਕਰਨਾ ਪਵੇ ਤਾਂ ਤੁਰੰਤ ਆਪਸੀ ਤਾਲਮੇਲ ਨਾਲ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਤਹਿਸੀਲਦਾਰ ਸੁਖਦੇਵ ਸਿੰਘ ਨੇ ਮਹਾਤਮ ਨਗਰ, ਮੁਹਾਰ ਜਮਸੇਰ, ਢਾਣੀ ਸੱਦਾ ਸਿੰਘ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਕੀਤੇ ਇੰਤਜਾਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਦੀ ਸਲਾਹਾਂ ਤੇ ਅਮਲ ਕਰਨ ਦੀ ਅਪੀਲ ਕੀਤੀ ਗਈ ਹੈ।ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਜ਼ੇਕਰ ਕਿਸੇ ਨੂੰ ਹੜ੍ਹਾਂ ਸਬੰਧੀ ਕਿਸੇ ਵੀ ਕਿਸਮ ਦੀ ਮਦਦ ਲੋੜੀਂਦੀ ਹੋਵੇ ਤਾਂ ਕੰਟਰੋਲ ਰੂਮ ਦੇ ਨੰਬਰ 01638—262153 ਤੇ ਸੰਪਰਕ ਕੀਤਾ ਜਾਵੇ।