- ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਖੁਦ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਮੋਗਾ, 8 ਅਗਸਤ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਅਤੇ ਸ੍ਰੀ ਮਨਜਿੰਦਰ ਸਿੰਘ ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਜੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਅਤੁਲ ਕਸਾਨਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਅਤੇ ਜੁਡੀਸ਼ੀਅਲ ਅਫ਼ਸਰਾਂ ਦੀ ਸਹਾਇਤਾ ਨਾਲ ਇਕੱਠੇ ਕੀਤੇ ਗਏ ਫੰਡ/ਰਾਹਤ ਸਮੱਗਰੀ ਨਾਲ ਭਰੇ ਵਾਹਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸ੍ਰੀ ਅਤੁਲ ਕਸਾਨਾ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਅਤੇ ਸ੍ਰੀ ਅਮਰੀਸ਼ ਕੁਮਾਰ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਤਹਿਸੀਲ ਧਰਮਕੋਟ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲੀ ਬੱਚਿਆਂ ਵਿੱਚ ਖੁਦ ਪਹੁੰਚ ਕੇ ਸਟੇਸ਼ਨਰੀ ਅਤੇ ਹੋਰ ਰਾਹਤ ਸਮੱਗਰੀ ਦੀ ਵੰਡ ਕੀਤੀ। ਉਨ੍ਹਾਂ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਰਾਊਵਾਲ, ਮੇਲਕ ਕੰਗਾਂ ਅਤੇ ਸਰਕਾਰੀ ਮਿਡਲ ਸਕੂਲ ਮੰਦਰ ਕਲਾਂ ਦਾ ਦੌਰਾ ਕੀਤਾ ਅਤੇ ਬੱਚਿਆਂ ਨੂੰ ਸਕੂਲ ਬੈਗ, ਕਾਪੀਆਂ, ਪੈੱਨ, ਪੈਨਸਿਲਾਂ, ਜੁਮੈਂਟਰੀ ਬਾਕਸ ਅਤੇ ਹੋਰ ਸਟੇਸ਼ਨਰੀ ਆਦਿ ਦੀ ਵੰਡ ਕੀਤੀ ਗਈ। ਇਸ ਮੌਕੇ ਸ੍ਰੀ ਅਤੁਲ ਕਸਾਨਾ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋਕਾਂ ਦੀ ਸਹਾਇਤਾ ਲਈ ਇਸ ਤਰ੍ਹਾਂ ਦੇ ਉਪਰਾਲੇ ਸਮੇਂ-ਸਮੇਂ ਸਿਰ ਕੀਤੇ ਜਾ ਰਹੇ ਹਨ। ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਸਕੀਮ 'ਲੀਗਲ ਸਰਵਿਸਜ਼ ਟੂ ਡਿਜਾਸਟਰ ਵਿਕਟਮਜ ਥਾਉ ਲੀਗਲ ਸਰਵਿਸਜ਼' ਅਥਾਰਟੀ ਤਹਿਤ ਵੱਖ-ਵੱਖ ਸਮੇਂ ਤੇ ਹੜ੍ਹ ਪੀੜ੍ਹਤਾਂ ਦਾ ਜਾਇਜਾ ਲੈਣ ਲਈ ਸ੍ਰੀ ਅਮਰੀਸ਼ ਕੁਮਾਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਖੁਦ ਪੇਂਡੂ ਖੇਤਰਾਂ ਵਿੱਚ ਦੌਰੇ ਕੀਤੇ ਗਏ ਅਤੇ ਆਪਣੇ ਦਫ਼ਤਰ ਦੇ ਪੈਨਲ ਵਕੀਲ ਸਾਹਿਬਾਨਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਦੀਆਂ ਟੀਮਾਂ ਬਣਾ ਕੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੀਆਂ ਗਈਆਂ ਅਤੇ ਹੜ੍ਹ ਪੀੜ੍ਹਤਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਢੁਕਵੇਂ ਹੱਲ ਵੀ ਕੀਤੇ ਗਏ। ਇਸ ਤੋਂ ਇਲਾਵਾ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦਫ਼ਤਰ ਦਾ ਲੈਂਡਲਾਈਨ ਨੰਬਰ 01636-235864 ਨੂੰ ਹੈਲਪਲਾਈਨ ਨੰਬਰ ਤੇ ਤੌਰ ਤੇ ਲੋਕਾਂ ਨੂੰ ਦੱਸਣ ਲਈ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਕੋਈ ਵੀ ਹੜ੍ਹ ਪੀੜ੍ਹਤ ਵਿਅਕਤੀ ਇਸ ਟੈਲੀਫੋਨ ਰਾਹੀਂ ਆਪਣੀ ਮੁਸ਼ਕਿਲ, ਕਾਨੂੰਨੀ ਸਲਾਹ ਜਾਂ ਕਿਸੇ ਵੀ ਤਰ੍ਹਾਂ ਦੀ ਮੱਦਦ ਲਈ ਸੰਪਰਕ ਕਰ ਸਕਦਾ ਹੈ। ਇਸ ਮੌਕੇ ਤੇ ਐਸ.ਡੀ.ਐਮ. ਧਰਮਕੋਟ ਚਾਰੂ ਮਿਤਾ, ਡਿਪਟੀ ਡੀ.ਈ.ਓ. ਸ੍ਰੀ ਗੁਰਦਿਆਲ ਸਿੰਘ, ਸ੍ਰੀ ਰਮੇਸ਼ ਢੀਂਗਰਾ ਨਾਇਬ ਤਹਿਸੀਲਦਾਰ ਧਰਮਕੋਟ ਤੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।