ਬਰਨਾਲਾ, 4 ਜੁਲਾਈ : ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਭਵਿੱਖ ਤਾਂ ਹੀ ਉੱਜਲਾ ਹੋਵੇਗਾ ਜੇਕਰ ਉਹ ਤੰਦਰੁਸਤ ਹੋਵੇਗਾ, ਇਸ ਟੀਚੇ ਨੂੰ ਮੁੱਖ ਰੱਖਦਿਆਂ 4 ਜੁਲਾਈ ਤੋਂ 17 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋੱਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਦਸਤ ਰੋਗ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਜ਼ੀਰੋ 'ਤੇ ਲਿਆਉਣਾ ਹੈ। ਸੰਸਾਰ ਵਿੱਚ ਹਰ ਸਾਲ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਦੋ ਲੱਖ ਮੌਤਾਂ ਕੇਵਲ ਦਸਤ ਰੋਗ ਕਾਰਨ ਹੀ ਹੁੰਦੀਆਂ ਹਨ, ਜਿਨਾਂ ਵਿਚੋਂ ਇਕ ਲੱਖ ਮੌਤਾਂ ਕੇਵਲ ਭਾਰਤ ਵਿੱਚ ਹੀ ਹੁੰਦੀਆਂ ਹਨ। ਡਾ ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਘਰ-ਘਰ ਵਿਚ ਜਿੱਥੇ ੦ ਤੋਂ 5 ਸਾਲ ਤੋਂ ਛੋਟੇ ਬੱਚੇ ਹਨ, ਆਸ਼ਾ ਵਲੋਂ ਓ.ਆਰ.ਐਸ. ਦੇ ਪੈਕਟ ਮੁਫਤ ਵੰਡੇ ਜਾ ਰਹੇ ਹਨ ਅਤੇ ਦਸਤ ਹੋਣ ਦੀ ਹਾਲਤ ਵਿਚ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਣਗੀਆਂ। ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦਸਤ ਰੋਕੂ ਪੰਦਰਵਾੜੇ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਚਾਰ ਦੇ ਵੱਖ ਵੱਖ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਆਮ ਲੋਕ ਤੱਕ ਇਸ ਪੰਦਰਵਾੜੇ ਦੀ ਮਹੱਤਤਾ ਸੰਬੰਧੀ ਸੰਦੇਸ਼ ਘਰ ਘਰ ਤੱਕ ਪਹੁੰਚ ਸਕੇ ।