- ਡਾਇਰੀਆ ਤੋਂ ਬਚਾਅ ਲਈ ਬਣਾਏ ਓਆਰਐਸ ਕਾਰਨਰ
- ਆਸ਼ਾ ਵਰਕਰਾਂ ਵਲੋਂ ਘਰ-ਘਰ ਜਾ ਕੇ ਵੰਡੇ ਜਾਣਗੇ ਓਆਰਐਸ ਪੈਕੇਟ
ਖਰੜ: 5 ਜੁਲਾਈ : ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀਐਚਸੀ ਘੜੂੰਆਂ ਡਾ. ਸੁਰਿੰਦਰਪਾਲ ਕੌਰ ਦੀ ਅਗਵਾਈ ਵਿਚ ਬਲਾਕ ਘੜੂੰਆਂ ਅਧੀਨ ਤੀਬਰ ਦਸਤ ਰੋਕੂ ਪੰਦਰਵਾੜੇ ਦੇ ਮੱਦੇਨਜ਼ਰ ਲੋਕਾਂ ਨੂੰ ਡਾਇਰੀਆ ਤੋਂ ਬਚਾਅ, ਸਾਵਧਾਨੀਆਂ ਤੇ ਇਲਾਜ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਪੀਐਚਸੀ ਘੜੂੰਆਂ ਵਿਖੇ ਡਾ. ਸੁਰਿੰਦਰਪਾਲ ਕੌਰ ਵਲੋਂ ਓਆਰਐਸ ਕਾਰਨਰ ਦਾ ਉਦਘਾਟਨ ਕੀਤਾ ਗਿਆ, ਬੱਚਿਆਂ ਨੂੰ ਓਆਰਐਸ ਪੈਕਟ ਵੰਡੇ ਗਏ ਅਤੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਮਨਮੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਰਾਹੁਲ ਕੌੜਾ, ਬਲਾਕ ਐਕਸਟੈਂਸ਼ਨ ਐਜੂਕੇਟਰ ਗੌਤਮ ਰਿਸ਼ੀ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਸੁਖਵਿੰਦਰ ਸਿੰਘ ਕੰਗ, ਸਟਾਫ ਨਰਸ ਰਿਸ਼ਮਜੀਤ ਕੌਰ ਅਤੇ ਸੀਮਾ ਵੀ ਮੌਜੂਦ ਸਨ। ਐਸਐਮਓ ਡਾ. ਸੁਰਿੰਦਰਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਅਧੀਨ ਸਿਹਤ ਸੰਸਥਾਵਾਂ, ਸਬ ਸੈਂਟਰ ਤੇ ਹੈਲਥ ਐਂਡ ਵੈਲਨੈਸ ਸੈਂਟਰ ਪੱਧਰ ਉਤੇ ਓਆਰਐਸ ਕਾਰਨਰ ਬਣਾਏ ਗਏ ਹਨ ਅਤੇ ਆਸ਼ਾ ਵਰਕਰਾਂ ਵਲੋਂ ਘਰ-ਘਰ ਜਾ ਕੇ 5 ਸਾਲ ਤੱਕ ਦੇ ਬੱਚਿਆਂ ਲਈ ਓਆਰਐਸ ਦੇ ਪੈਕੇਟ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਦਸਤ ਪ੍ਰਭਾਵਿਤ ਬੱਚਿਆਂ ਨੂੰ ਜ਼ਿੰਕ ਦੀਆਂ ਗੋਲੀਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਆਸ਼ਾ ਵਰਕਰਾਂ ਵਲੋਂ ਓਆਰਐਸ ਪੈਕਟ ਵੰਡਣ ਦੇ ਨਾਲ-ਨਾਲ ਘੋਲ ਬਣਾਉਣ ਦੀ ਵਿਧੀ, ਬੱਚਿਆਂ ਤੇ ਵੱਡਿਆਂ ਨੂੰ ਹੱਥਾਂ ਦੀ ਸਾਫ ਸਫਾਈ ਬਾਰੇ ਅਤੇ ਗਰਭਵਤੀ ਔਰਤਾਂ ਤੇ ਨਵਜੰਮੇ ਬੱਚਿਆਂ ਦੀਆਂ ਮਾਂਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਵਿਸ਼ੇਸ਼ ਤੌਰ ’ਤੇ ਜਾਗਰੂਕ ਜਾ ਰਿਹਾ ਹੈ। ਮਮਤਾ ਦਿਵਸ ਮੌਕੇ ਟੀਕਾਕਰਨ ਲਈ ਆਉਣ ਵਾਲੀਆਂ ਮਹਿਲਾਵਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਡਾਇਰੀਆਂ ਕਾਰਨ ਹਰ ਸਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਅਤੇ ਬਿਮਾਰੀ ਦੀ ਰੋਕਥਾਮ ਆਪਣਾ ਖਾਣ-ਪੀਣ ਠੀਕ ਰੱਖਣ ਤੇ ਸਾਫ਼ ਸਫ਼ਾਈ ਦਾ ਵਧੇਰੇ ਧਿਆਨ ਰੱਖਣ ਨਾਲ ਕੀਤੀ ਜਾ ਸਕਦੀ ਹੈ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਕਿਹਾ ਕਿ ਡਾਇਰੀਆ ਮੁੱਖ ਤੌਰ 'ਤੇ ਗੰਦੇ ਹੱਥਾਂ ਨਾਲ ਖਾਣਾ ਖਾਣ, ਦੂਸ਼ਿਤ ਤਰੀਕੇ ਨਾਲ ਖਾਣਾ ਪਕਾਉਣ, ਦੂਸ਼ਿਤ ਪਾਣੀ ਪੀਣ ਅਤੇ ਖਰਾਬ ਤੇ ਬੈਕਟੀਰੀਆ ਯੁਕਤ ਖਾਣਾ ਨਾਲ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਮਾਰੀ ਪੈਦਾ ਕਰਨ ਵਾਲੇ ਇਨਾਂ ਸਰੋਤਾਂ ਨੂੰ ਖ਼ਤਮ ਕਰ ਦਿੱਤਾ ਜਾਵੇ ਤਾਂ ਬਹੁਤ ਹੱਦ ਤੱਕ ਡਾਇਰੀਆ ਤੋਂ ਬਚਿਆ ਜਾ ਸਕਦਾ ਹੈ।
ਡਾਇਰੀਆ ਦੇ ਮਰੀਜ਼ਾਂ ਨੂੰ ਦਿਓ ਓਆਰਐਸ ਦਾ ਘੋਲ
ਡਾਇਰੀਆ ਦੇ ਮਰੀਜਾਂ ਨੂੰ ਸ਼ੁਰੂਆਤੀ ਤੌਰ 'ਤੇ ਓਆਰਐਸ ਦਾ ਘੋਲ ਬਣਾ ਕੇ ਨਿਯਮਿਤ ਸਮੇਂ ਦੌਰਾਨ ਪਿਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਸਦੇ ਅੰਦਰ ਪਾਣੀ ਦੀ ਘਾਟ ਨਾ ਹੋਵੇ। ਜੇਕਰ ਓਆਰਐਸ ਦਾ ਪੈਕੇਟ ਉਪਲਬਧ ਨਾ ਹੋਵੇ ਤਾਂ ਖੰਡ ਅਤੇ ਨਮਕ ਦਾ ਘੋਲ ਸਾਫ਼ ਉਬਾਲੇ ਹੋਏ ਪਾਣੀ 'ਚ ਤਿਆਰ ਕਰਕੇ ਮਰੀਜ਼ ਨੂੰ ਪਿਲਾਉਣਾ ਚਾਹੀਦਾ ਹੈ। ਇਸ ਦੇ ਨਾਲ 14 ਦਿਨਾਂ ਤੱਕ ਜ਼ਿੰਕ ਦਵਾਈ ਦਾ ਸੇਵਨ ਕਰਨਾ ਹੁੰਦਾ ਹੈ ਤਾਂ ਜੋ ਲੰਮੇ ਸਮੇਂ ਤੱਕ ਦੁਬਾਰਾ ਇਹ ਬਿਮਾਰੀ ਨਾ ਹੋਵੇ।