ਧੂਰੀ : ਪੰਜਾਬ ਵਿਚ ਕੱਚੇ ਅਧਿਆਪਕ ਏਨੇ ਦੁਖੀ ਹੋ ਗਏ ਹਨ ਕਿ ਉਨ੍ਹਾਂ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਹ ਅਸਤੀਫ਼ੇ ਵੀ ਕੁੱਝ ਵਿਲੱਖਣ ਹਨ। ਦਰਅਸਲ ਅਧਿਆਪਕਾ ਨੇ ਅਸਤੀਫ਼ੇ ਵਿਚ ਲਿਖਿਆ ਹੈ ਕਿ ਮੁੱਖ ਮੰਤਰੀ ਤੁਸੀਂ ਮੇਰੀ ਤਨਖ਼ਾਹ ਗੁਜਰਾਤ ਦੇ ਦੌਰਿਆਂ ਉਤੇ ਖ਼ਰਚ ਕਰ ਲਉ ਅਤੇ ਖ਼ਜਾਨੇ ਤੇ ਭਾਰ ਨਾ ਪਾਉ। ਇਥੇ ਦਸ ਦਈਏ ਕਿ ਪੰਜਾਬ ਅੰਦਰ ਕੱਚੇ ਅਧਿਆਪਕ ਪੱਕੀ ਨੌਕਰੀ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਬੀਪੀਓ ਧੂਰੀ ਨੂੰ ਲਿਖੇ ਆਪਣੇ ਅਸਤੀਫ਼ੇ ਵਿਚ ਬਲਜਿੰਦਰ ਕੌਰ ਨੇ ਕਿਹਾ ਕਿ, ਮੈਂ ਸਰਕਾਰੀ ਪ੍ਰਾਇਮਰੀ ਸਕੂਲ ਦੋਹਲੇ ਸਕੂਲ ਵਿਚ ਬਤੌਰ ਈਜੀਐਸ ਵਲੰਟੀਅਰ ਸੇਵਾ ਨਿਭਾ ਰਹੀ ਹਾਂ। ਮੈਂ 18 ਸਾਲਾਂ ਤੋਂ ਧੂਰੀ (ਦੋਹਲਾ) ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਧਾਨ ਸਭਾ ਹਲਕਾ ਹੈ, ਵਿਖੇ ਸੇਵਾ ਨਿਭਾ ਰਹੀ ਹਾਂ। ਬਲਜਿੰਦਰ ਕੌਰ ਨੇ ਲਿਖਿਆ ਕਿ ਮੈਂ ਬਹੁਤ ਪ੍ਰੇਸ਼ਾਨ ਹਾਂ, ਮੈਂ ਸਰਕਾਰ ਦੇ ਮਾੜੇ ਰਵਈਏ ਤੋਂ ਕੁੱਝ ਚਿਰਾਂ ਦੀ ਡਿਪਰੈਸ਼ਨ ਵਿਚ ਹਾਂ, ਜਿਸ ਦਾ ਕਾਰਨ ਹੈ ਕਿ, ਸਾਡੀ ਤਨਖ਼ਾਹ 6000 ਰੁਪਏ ਪ੍ਰਤੀ ਮਹੀਨਾ ਹੈ। ਉਸ ਨਾਲ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ, ਇਸ 6000 ਰੁਪਏ ਤਨਖ਼ਾਹ ਨਾਲ ਤਾਂ ਸਾਡੀ ਦੋ ਵਕਤ ਦੀ ਰੋਟੀ ਵੀ ਨਹੀਂ ਪਕਦੀ, ਜਿਸ ਕਾਰਨ ਮੈਂ ਬਹੁਤ ਪ੍ਰੇਸ਼ਾਨ ਰਹਿੰਦੀ ਹਾਂ। ਬਲਜਿੰਦਰ ਕੌਰ ਨੇ ਲਿਖਿਆ ਕਿ, ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦੀ ਹਾਂ ਕਿ ਜੋ ਮੈਨੂੰ ਨਾ-ਮਾਤਰ ਤਨਖ਼ਾਹ ਮਿਲਦੀ ਹੈ, ਉਹ ਆਪ ਗੁਜਰਾਤ ਦੇ ਦੌਰਿਆਂ 'ਤੇ ਖ਼ਰਚ ਕਰੋ ਅਤੇ ਖ਼ਜ਼ਾਨੇ ਦਾ ਭਾਰ ਘਟਾਓ ਅਤੇ ਮੇਰਾ ਅਸਤੀਫ਼ਾ ਮਨਜ਼ੂਰ ਕਰੋ।