- ਬਿਮਾਰੀ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਘਰ – ਘਰ ਸਰਵੇਖਣ ਦੇ ਤਿੰਨ ਦੌਰ
- ਸਾਹਮਣੇ ਆਏ ਕੁੱਲ 65 ਮਾਮਲਿਆਂ ਚ ਪ੍ਰਭਾਵਿਤ ਲੋਕਾਂ ਦੀ ਸਥਿਤੀ ਸਥਿਰ ਅਤੇ ਠੀਕ ਹੋਣ ਦੇ ਪੜਾਅ ਵਿੱਚ
- ਜਲ ਸਪਲਾਈ ਟਿਊਬਵੈੱਲ ਦੀ ‘ਕੈਮੀਕਲ ਕੰਪੋਜੀਸ਼ਨ’ ਰਿਪੋਰਟ ਠੀਕ ਪਾਈ ਗਈ ਜਦੋਂ ਕਿ ਖਪਤਕਾਰਾਂ ਦੀ ਰਿਪੋਰਟ ਦੀ ਉਡੀਕ
- ਟੈਂਕਰਾਂ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਗਈ
ਡੇਰਾਬੱਸੀ, 18 ਜੂਨ : ਡੀ ਸੀ ਆਸ਼ਿਕਾ ਜੈਨ ਨੇ ਐਤਵਾਰ ਨੂੰ ਮੋਹਾਲੀ ਵਿਖੇ ਲਾਲੜੂ ਦੇ ਪਿੰਡ ਧੀਰੇਮਾਜਰਾ ਵਿੱਚ ਗੰਭੀਰ ਡਾਇਰੀਆ ਦੀ ਬਿਮਾਰੀ ਦੇ ਪ੍ਰਭਾਵ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਬਾਅਦ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਸ਼ਨੀਵਾਰ ਦੁਪਹਿਰ ਤੋਂ ਬਾਅਦ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਕੁੱਲ 65 ਕੇਸ ਸਾਹਮਣੇ ਆਏ ਹਨ ਜਦਕਿ ਦੋ ਬੱਚਿਆਂ ਦੀ ਮੌਤ (ਇੱਕ ਤਿੰਨ ਮਹੀਨੇ ਅਤੇ ਦੂਜਾ ਡੇਢ ਸਾਲ) ਡਾਕਟਰੀ ਜਾਂਚ ਦਾ ਹਿੱਸਾ ਹਨ ਅਤੇ ਇਨ੍ਹਾਂ ਦੇ ਕਾਰਨਾਂ ਦੀ ਜਾਂਚ ਤੋਂ ਬਾਅਦ ਹੀ ਇਨ੍ਹਾਂ ਦੇ ਡਾਇਰੀਆ ਨਾਲ ਹੋਣ ਜਾਂ ਨਾ ਹੋਣ ਬਾਰੇ ਪੁਸ਼ਟੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਡਾਇਰੀਆ ਦੀ ਬਿਮਾਰੀ ਤੋਂ ਪ੍ਰਭਾਵਿਤ 65 ਮਾਮਲਿਆਂ ਵਿੱਚੋਂ, ਸਾਰੇ ਸਥਿਰ ਹਨ ਅਤੇ ਠੀਕ ਹੋਣ ਦੇ ਪੜਾਅ ਵਿੱਚ ਹਨ। ਇਨ੍ਹਾਂ ਚੋਂ ਕੇਵਲ ਇੱਕ ਦਾ ਡੇਰਾਬਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਪਰ ਉਹ ਵੀ ਖਤਰੇ ਤੋਂ ਬਾਹਰ ਹੈ। ਉਸਨੇ ਅੱਗੇ ਕਿਹਾ, “ਅਸੀਂ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ ਅਤੇ ਬਿਮਾਰੀ ਦੇ ਕਿਸੇ ਵੀ ਹੋਰ ਹਮਲੇ ਨੂੰ ਰੋਕਣ ਲਈ ਮੈਡੀਕਲ ਟੀਮਾਂ ਨੂੰ ਕੰਮ ‘ਤੇ ਲਗਾਇਆ ਗਿਆ ਹੈ”। ਉਨ੍ਹਾਂ ਅੱਗੇ ਦੱਸਿਆ ਕਿ ‘ਸੋਰਸ ਵਾਟਰ’ (ਟਿਊਬਵੈੱਲ) ਦੀ ਜਾਂਚ ਕੀਤੀ ਗਈ ਹੈ ਅਤੇ ਉਸ ਦੀ ਕੈਮੀਕਲ ਕੰਪੋਜ਼ੀਸ਼ਨ ਸਹੀ ਪਾਈ ਗਈ ਹੈ ਜਦੋਂ ਕਿ ਖਪਤਕਾਰਾਂ ਦੇ ਪਾਣੀ ਦੀ ਰਿਪੋਰਟ ਅਜੇ ਉਡੀਕ ਕੀਤੀ ਜਾ ਰਹੀ ਹੈ ਪਰ ਇਹਤਿਆਤ ਵਜੋਂ ਦੋ ਟੈਂਕਰਾਂ ਰਾਹੀਂ ਪੀਣ ਵਾਲੇ ਕਲੋਰੀਨੇਟਿਡ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਜਲ ਸਪਲਾਈ ਪਾਈਪ ਲਾਈਨ ਦੀ ਵੀ ਜਾਂਚ ਕੀਤੀ ਗਈ ਹੈ ਅਤੇ ਕੋਈ ਲੀਕੇਜ ਨਹੀਂ ਮਿਲੀ। ਇਸ ਤੋਂ ਇਲਾਵਾ, ਜਿਨ੍ਹਾਂ ਖਪਤਕਾਰਾਂ ਦੇ ਨਿੱਜੀ ਕੁਨੈਕਸ਼ਨਾਂ ਵਿੱਚ ਲੀਕੇਜ ਹੋਣ ਦਾ ਸ਼ੱਕ ਹੈ, ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਸਬ ਡਿਵੀਜ਼ਨਲ ਮੈਜਿਸਟਰੇਟ, ਹਿਮਾਂਸ਼ੂ ਗੁਪਤਾ ਨੇ ਡਾਇਰੀਆ ਰੋਕਥਾਮ ਦੇ ਉਪਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਡੀਕਲ ਟੀਮਾਂ ਨੇ ਹੁਣ ਤੱਕ ਤਿੰਨ ਵਾਰ ਕੁੱਲ 186 ਘਰਾਂ ਦਾ ਘਰ-ਘਰ ਜਾ ਕੇ ਸਰਵੇਖਣ ਕੀਤਾ ਹੈ। ਇਸੇ ਤਰ੍ਹਾਂ ਪਿੰਡ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਓ ਆਰ ਐਸ ਘੋਲ ਦੇ ਪੈਕੇਟ ਵੰਡੇ ਜਾ ਰਹੇ ਹਨ ਅਤੇ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਨਿਗਰਾਨੀ ਅਤੇ ਕੰਟਰੋਲ ਅਧੀਨ ਹੈ ਅਤੇ ਕੱਲ੍ਹ ਦੁਪਹਿਰ 1 ਵਜੇ ਤੋਂ ਬਾਅਦ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਤੋਂ ਬਚਾਅ ਲਈ ਉਬਾਲੇ ਹੋਏ ਠੰਢੇ ਪਾਣੀ ਦਾ ਸੇਵਨ ਕਰਨ ਅਤੇ ਦਸਤ ਤੇ ਉਲਟੀਆਂ ਦੇ ਲੱਛਣਾਂ ਦੀ ਸੂਰਤ ਵਿੱਚ ਤੁਰੰਤ ਡਾਕਟਰ ਦੀ ਸਲਾਹ ਲੈਣ। ਸਿਵਲ ਸਰਜਨ ਡਾ: ਮਹੇਸ਼ ਕੁਮਾਰ ਆਹੂਜਾ ਨੇ ਦੱਸਿਆ ਕਿ ਡਾ: ਧਰਮਿੰਦਰ ਕੁਮਾਰ, ਐਸ.ਐਮ.ਓ ਡੇਰਾਬਸੀ ਅਤੇ ਡਾ: ਨਵੀਨ ਕੌਸ਼ਿਕ ਐਸ.ਐਮ.ਓ ਲਾਲੜੂ ਦੀ ਨਿਗਰਾਨੀ ਹੇਠ ਮੈਡੀਕਲ ਟੀਮਾਂ ਪਹਿਲਾਂ ਹੀ ਇਸ ਬਿਮਾਰੀ ‘ਤੇ ਕਾਬੂ ਪਾਉਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ, ਕਿਸੇ ਵੀ ਐਮਰਜੈਂਸੀ ਜਾਂ ਡਾਕਟਰੀ ਜ਼ਰੂਰਤ ਦੇ ਮਾਮਲੇ ਵਿੱਚ, 104 ਨੰਬਰ ਵੀ ਡਾਇਲ ਕੀਤਾ ਜਾ ਸਕਦਾ ਹੈ।