- ਕਿਹਾ ਇਸ ਤਰਾਂ ਦੇ ਉਪਰਾਲੇ ਪਰਾਲੀ ਪ੍ਰਬੰਧਨ ਲਈ ਹੋਣਗੇ ਸਹਾਈ
ਫਾਜਿ਼ਲਕਾ, 6 ਜੁਲਾਈ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਇੱਥੇ ਸੰਪੂਰਨ ਐਗਰੀਵੈਨਚਰ ਪ੍ਰਾਈਵੇਟ ਲਿਮ: ਵੱਲੋਂ ਸਥਾਪਿਤ ਪਰਾਲੀ ਪ੍ਰੋਸੈਸਿੰਗ ਯੁਨਿਟ ਦਾ ਦੌਰਾ ਕੀਤਾ। ਇੱਥੇ ਪਰਾਲੀ ਤੋਂ ਬਾਇਓਗੈਸ ਅਤੇ ਫਰਮੈਂਟਡ ਆਰਗੈਨਿਕ ਮਨਿਓਰ (ਕੰਪੋਸਟ ਖਾਦ) ਬਣਾਈ ਜਾਂਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਤਰਾਂ ਦੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਪਰਾਲੀ ਦੇ ਪ੍ਰਬੰਧਨ ਅਤੇ ਇਸਦੀ ਸੁਯੋਗ ਵਰਤੋਂ ਨਾਲ ਅਸੀਂ ਪਰਾਲੀ ਸਾੜਨ ਦੀ ਪ੍ਰਥਾ ਨੂੰ ਬੰਦ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇੱਥੇ ਪਰਾਲੀ ਦੀ ਸਹੀ ਵਰਤੋਂ ਕਰਕੇ ਇਸਤੋਂ ਬਾਇਓਗੈਸ ਬਣਾਈ ਜਾਂਦੀ ਹੈ ਅਤੇ ਪਰਾਲੀ ਦੀ ਖਾਦ ਬਣਾਈ ਜਾਂਦੀ ਹੈ। ਇੱਥੇ ਤਰਲ ਖਾਦ ਅਤੇ ਠੋਸ ਦੋਨੋਂ ਤਰਾਂ ਦੀ ਖਾਦ ਪਰਾਲੀ ਤੋਂ ਤਿਆਰ ਕੀਤੀ ਜਾਂਦੀ ਹੈ। ਇਸ ਮੌਕੇ ਕੰਪਨੀ ਦੇ ਐਮਡੀ ਸ੍ਰੀ ਸੰਜੀਵ ਨਾਗਪਾਲ ਨੇ ਦੱਸਿਆ ਕਿ ਲਗਾਤਾਰ ਰਣਾਇਣਿਕ ਖਾਦਾਂ ਦੀ ਵਰਤੋਂ ਨਾਲ ਜਮੀਨ ਵਿਚ ਕਾਰਬਨਿਕ ਮਾਦੇ ਦੀ ਘਾਟ ਆ ਗਈ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਵੀ ਘੱਟਣ ਲੱਗੀ ਹੈ। ਅਜਿਹੇ ਵਿਚ ਪਰਾਲੀ ਦੀ ਇਹ ਖਾਦ ਜਮੀਨ ਵਿਚ ਕਾਰਬਨਿਕ ਮਾਦਾ ਵਧਾਉਣ ਦੇ ਨਾਲ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਇਹ ਪੌਦਿਆਂ ਦੀ ਰਹਿੰਦ ਖੁਹੰਦ ਤੋਂ ਹੀ ਤਿਆਰ ਕੀਤੀ ਹੁੰਦੀ ਹੈ ਇਸ ਲਈ ਇਸ ਵਿਚ ਪੌਦਿਆਂ ਨੂੰ ਲੋਂੜੀਂਦੇ ਸਾਰੇ ਮੁੱਖ ਅਤੇ ਲਘੂ ਤੱਕ ਭਰਪੂਰ ਮਾਤਰਾ ਵਿਚ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਕ ਟਨ ਪਰਾਲੀ ਤੋਂ 110 ਕਿਲੋ ਸੀਐਨਜੀ ਦੇ ਬਰਾਬਰ ਬਾਇਓ ਗੈਸ ਤਿਆਰ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਉਪਰਾਲਿਆਂ ਨਾਲ ਪਰਾਲੀ ਦੀ ਸੰੰਭਾਲ ਹੋ ਜਾਂਦੀ ਹੈ ਅਤੇ ਇਸਤੋਂ ਵਰਤੋਂ ਯੋਗ ਖਾਦ ਅਤੇ ਗੈਸ ਬਣਦੀ ਹੈ। ਫਾਜਿ਼ਲਕਾ ਜਿ਼ਲ੍ਹੇ ਦੇ ਕਿਸਾਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਤਰਾਂ ਦਾ ਪ੍ਰੋਜ਼ੈਕਟ ਇਸ ਜਿ਼ਲ੍ਹੇ ਵਿਚ ਲੱਗਿਆ ਹੋਇਆ ਹੈ ਜਿਸਤੋਂ ਉਹ ਲਾਹਾ ਲੈ ਸਕਦੇ ਹਨ। ਇਸਤੋਂ ਬਿਨ੍ਹਾਂ ਇਸ ਨਾਲ ਸਥਾਨਕ ਪੱਧਰ ਤੇ ਰੁਜਗਾਰ ਦੇ ਮੌਕੇ ਵੀ ਪੈਦਾ ਹੁੰਦੇ ਹਨ।