- ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
ਫਾਜਿ਼ਲਕਾ, 30 ਅਕਤੂਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਖੁਦ ਖੇਤਾਂ ਵਿਚ ਜਾ ਕੇ ਪਰਾਲੀ ਦੀ ਸੰਭਾਲ ਕਰ ਰਹੇ ਕਿਸਾਨਾਂ ਦੇ ਖੇਤ ਵੇਖੇ। ਉਨ੍ਹਾਂ ਨੇ ਢਾਣੀ ਚਿਰਾਗ ਵਿਚ ਉਸ ਖੇਤ ਦਾ ਵੀ ਦੌਰਾ ਕੀਤਾ ਜਿੱਥੇ ਰਿਮੋਟ ਸੈਂਸਿੰਗ ਤੋਂ ਅੱਗ ਲੱਗਣ ਦੀ ਰਿਪੋਰਟ ਮਿਲੀ ਸੀ, ਪਰ ਮੌਕੇ ਤੇ ਪਾਇਆ ਗਿਆ ਕਿ ਕਿਸਾਨ ਨੇ ਪਰਾਲੀ ਨੂੰ ਖੇਤ ਤੋਂ ਬਾਹਰ ਕੱਢ ਕੇ ਸੰਭਾਲਿਆ ਗਿਆ ਸੀ ਅਤੇ ਖੇਤ ਦੀ ਵੱਟ ਦੇ ਅੱਗ ਦਾ ਮਾਮੂਲੀ ਨਿਸ਼ਾਨ ਸੀ ਅਤੇ ਕਿਸਾਨ ਨੇ ਪਰਾਲੀ ਨੂੰ ਨਹੀਂ ਸਾੜਿਆ ਸੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪਰਾਲੀ ਦੀ ਸੰਭਾਲ ਲਈ ਮਿਹਨਤ ਕਰ ਰਹੇ ਕਿਸਾਨਾਂ ਦੇ ਜਜਬੇ ਦੀ ਸਲਾਘਾ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਸਰਬਤ ਦੇ ਭਲੇ ਲਈ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਅਸੀਂ ਵਾਤਾਵਰਨ ਦਾ ਨੁਕਸਾਨ ਤਾਂ ਕਰਦੇ ਹੀ ਹਾਂ ਨਾਲ ਹੀ ਅਸੀਂ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਘੱਟ ਕਰਕੇ ਉਸਨੂੰ ਬੰਜਰ ਕਰਨ ਦੇ ਦੋਸ਼ੀ ਵੀ ਬਣਦੇ ਹਾਂ। ਇਸ ਤਰਾਂ ਹੌਲੀ ਹੌਲੀ ਸਾਡੀ ਜਮੀਨ ਦੀ ਤਾਕਤ ਘੱਟਦੀ ਜਾਵੇਗੀ ਅਤੇ ਅਸੀਂ ਇਸ ਤੋਂ ਫਸਲਾਂ ਨਹੀਂ ਲੈ ਪਾਂਵਾਂਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੇਕਰ ਪਰਾਲੀ ਨੂੰ ਖੇਤ ਵਿਚ ਹੀ ਮਿਲਾ ਦਿੱਤਾ ਜਾਵੇ ਤਾਂ ਪਰਾਲੀ ਜਮੀਨ ਵਿਚ ਜ਼ੈਵਿਕ ਮਾਦੇ ਦੇ ਵਾਧੇ ਦਾ ਕੰਮ ਕਰਦੀ ਹੈ ਅਤੇ ਜਮੀਨ ਦੀ ਤਾਕਤ ਵੱਧਦੀ ਹੈ ਅਤੇ ਚੰਗੀ ਉਪਜ ਮਿਲਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਪਿੰਡਾਂ ਵਿਚ ਮਸ਼ੀਨਾਂ ਉਪਲਬੱਧ ਹਨ। ਕਿਸਾਨ ਕਿਰਾਏ ਤੇ ਮਸ਼ੀਨਾਂ ਵੀ ਲੈ ਸਕਦੇ ਹਨ। ਇਸ ਲਈ ਖੇਤੀਬਾੜੀ ਵਿਭਾਗ ਦੀ ਸਲਾਹ ਲਈ ਜਾ ਸਕਦੀ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਖੇਤੀਬਾੜੀ ਅਫ਼ਸਰ ਸੁੰਦਰ ਲਾਲ ਅਤੇ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਅਤੇ ਪਟਵਾਰੀ ਆਦਿ ਵੀ ਹਾਜਰ ਸਨ।