- ਲੋਕ ਸਭਾ ਚੋਣਾਂ-2024
- ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦੀ ਕੀਤੀ ਹਦਾਇਤ
ਫ਼ਰੀਦਕੋਟ 18 ਮਾਰਚ : ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਜਿਥੇ ਉਨ੍ਹਾਂ ਨੂੰ ਅਮਨ ਅਮਾਨ ਨਾਲ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਸਹਿਯੋਗ ਦੀ ਮੰਗ ਕੀਤੀ ਉਥੇ ਨਾਲ ਹੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਵੀ ਆਖਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਚੋਣ ਕਮਿਸ਼ਨ ਦੀਆਂ ਸਪਸ਼ੱਟ ਹਦਾਇਤਾਂ ਹਨ ਕਿ ਜਾਰੀ ਹਦਾਇਤਾਂ ਦੇ ਉਲਟ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਉਸ ਦਾ ਨੁਮਾਇੰਦਾ ਚੋਣ ਜਾਬਤੇ ਦੇ ਖਿਲਾਫ ਵਿਚਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 7 ਮਈ ਤੋਂ 14 ਮਈ, 2024 ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਅਤੇ ਵਾਪਸੀ 17 ਮਈ ਤੱਕ ਹੋ ਸਕੇਗੀ। ਮਤਦਾਨ 1 ਜੂਨ 2024 ਨੂੰ ਹੋਵੇਗਾ ਅਤੇ ਗਿਣਤੀ 4 ਜੂਨ, 2024 ਨੂੰ ਹੋਵੇਗੀ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੁਹਾਰਾਇਆਂ ਕਿਹਾ ਕਿ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਚੋਣ ਪ੍ਰਚਾਰ ਲਈ ਵਰਤੀ ਗਈ ਸਰਕਾਰੀ ਪ੍ਰੋਪਰਟੀ ਉਪਰ ਇਸ਼ਤਿਹਾਰ/ਪੇਂਟਿੰਗ ਤੁਰੰਤ ਹਟਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਜਾਂ ਉਸ ਦੇ ਵਰਕਰਾਂ ਨੂੰ ਕਿਸੇ ਵਿਅਕਤੀ ਦੀ ਆਗਿਆ ਬਿਨਾਂ ਉਸ ਦੀ ਜਮੀਨ, ਇਮਾਰਤ ਜਾਂ ਕੰਧ ਉਤੇ ਝੰਡੇ, ਬੈਨਰ ਨੋਟਿਸ ਚਿਪਕਾਉਣ, ਨਾਹਰੇ ਆਦਿ ਲਿਖਣ ਦੀ ਬਿਨਾਂ ਇਜ਼ਾਜਤ ਲਏ ਮਨਾਹੀ ਹੋਵੇਗੀ। ਕੋਈ ਵੀ ਮੰਤਰੀ/ਰਾਜਸੀ ਲੀਡਰ ਚੋਣਾਂ ਦੇ ਕੰਮਾਂ/ਪ੍ਰਚਾਰ ਲਈ ਸਰਕਾਰੀ ਗੱਡੀਆਂ/ਮਸ਼ੀਨਰੀ ਦੀ ਵਰਤੋਂ ਨਹੀਂ ਕਰੇਗਾ ਅਤੇ ਨਾ ਹੀ ਸਰਕਾਰੀ ਕਰਮਚਾਰੀਆਂ ਨੂੰ ਚੋਣਾਂ ਦੇ ਦੌਰਾਨ ਰੈਲੀ ਆਦਿ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਰਟੀ ਵਲੋਂ ਮਿੱਥੇ ਸਮੇਂ ਦੇ ਅੰਦਰ ਅੰਦਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਬੰਧਤ ਪਾਰਟੀ ਦੇ ਖਿਲਾਫ ਪੰਜਾਬ ਪ੍ਰੀਵੈਨਸ਼ਨ ਆਫ ਡਿਫੇਸਮੈਂਟ ਆਫ ਪ੍ਰਾਪਰਟੀ ਐਕਟ 1997 ਦੀ ਧਾਰਾ 3/ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਪ੍ਰਸਾਸ਼ਨ ਵਲੋਂ ਆਪਣੇ ਪੱਧਰ ਤੇ ਚੋਣ ਪ੍ਰਚਾਰ/ਸਮੱਗਰੀ ਨੂੰ ਹਟਾਉਣ ਸਬੰਧੀ ਜੋ ਵੀ ਖਰਚਾ ਆਵੇਗਾ ਉਸ ਨੂੰ ਸਬੰਧਤ ਪਾਰਟੀ ਦੇ ਖਾਤੇ ਵਿੱਚ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਇਸ ਸਬੰਧੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਦਰਜ ਕਰਵਾਉਣੀ ਹੋਵੇ ਤਾਂ ਸੀ.ਵਿਜਲ ਐਪ ਤੇ ਕੀਤੀ ਜਾ ਸਕਦੀ ਹੈ ਤੇ ਉਸ ਸ਼ਿਕਾਇਤ ਦਾ ਹੱਲ 100 ਮਿੰਟ ਦੇ ਵਿੱਚ ਵਿੱਚ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਵਿੱਚ ਕੁੱਲ 4,85,749 ਵੋਟਰ ਹਨ। ਇਹਨਾਂ ਵਿੱਚ 2,55,118 ਮਰਦ ਅਤੇ 2,30,608 ਔਰਤ ਵੋਟਰ ਸ਼ਾਮਿਲ ਹਨ। ਸਰਵਿਸ ਵੋਟਰਾਂ ਦੀ ਗਿਣਤੀ 1926 ਅਤੇ ਤੀਜੇ ਲਿੰਗ ਵਾਲੇ 23 ਵੋਟਰ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਦਾ ਮੁੱਖ ਮੰਤਵ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਜੋ ਚੋਣਾਂ ਵਿੱਚ ਭਾਗ ਲੈ ਰਹੇ ਹਨ ਉਨ੍ਹਾਂ ਨੂੰ ਬਿਨਾਂ ਕਿਸੇ ਡਰ ਭੈਅ ਜਾਂ ਵੋਟਰਾਂ ਨੂੰ ਲਾਲਚ ਦਿਵਾਏ ਬਿਨਾਂ ਚੋਣਾਂ ਕਰਵਾਉਣਾ ਮੁੱਖ ਮੰਤਵ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜ) ਸ .ਜਗਜੀਤ ਸਿੰਘ, ਐਸ.ਡੀ.ਐਮ ਫ਼ਰੀਦਕੋਟ ਸ੍ਰੀ ਵਰੁਣ ਕੁਮਾਰ, ਐਸ.ਡੀ.ਐਮ. ਰਾਮਪੁਰਾ ਫੂਲ ਸ.ਕੰਵਰਜੀਤ ਸਿੰਘ, ਐਸ.ਡੀ.ਐਮ ਧਰਮਕੋਟ ਜਸਪਾਲ ਬਰਾੜ, ਤਹਿਸੀਲਦਾਰ ਚੋਣਾਂ ਹਰਜਿੰਦਰ ਕੌਰ, ਡੀ.ਪੀ.ਆਰ.ਓ ਸ. ਗੁਰਦੀਪ ਸਿੰਘ ਮਾਨ ਹਾਜ਼ਰ ਸਨ।