ਬਰਨਾਲਾ, 28 ਜੂਨ 2024 : ਸਰਕਾਰ ਤੁਹਾਡੇ ਦੁਆਰ ਸੁਵਿਧਾ ਕੈਂਪ ਛਾਪਾ ਵਿਖੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਦਸਤ ਰੋਕੂ ਮੁਹਿੰਮ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਾ. ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਦੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਇਹ ਮੁਹਿੰਮ “ਦਸਤਾਂ ਦੀ ਰੋਕਥਾਮ , ਸਫਾਈ ਅਤੇ ਓ.ਆਰ.ਐਸ. ਨਾਲ ਰੱਖੋ ਆਪਣਾ ਖਿਆਲ” ਸਲੋਗਨ ਤਹਿਤ ਚਲਾਈ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਅੱਜ-ਕੱਲ੍ਹ ਦਸਤ ਲੱਗਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ । ਇਸ ਲਈ ਵੱਖ-ਵੱਖ ਵਿਭਾਗ ਜਿਵੇਂ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿੱਖਿਆ ਵਿਭਾਗ, ਜਲ ਸਰੋਤ ਵਿਭਾਗ ਵੱਲੋਂ ਵੀ ਸਹਿਯੋਗ ਦਿਤਾ ਜਾਵੇ। ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋੱਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਦਸਤ ਰੋਗ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜੀਰੋ ਤੇ ਲਿਆਉਣਾ ਹੈ। ਦਸਤਾਂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।
ਡਾ. ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ/ ਨੋਡਲ ਅਫਸਰ ਨੇ ਦੱਸਿਆ ਕਿ ਇਹ ਮੁਹਿੰਮ 1 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ। ਮੁਹਿੰਮ ਦੌਰਾਨ 5 ਸਾਲ ਤੋਂ ਛੋਟੇ 44415 ਬੱਚਿਆਂ ਨੂੰ ਓ. ਆਰ. ਐਸ. ਪੈਕਟ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਵਲੋਂ ਮੁਫਤ ਵੰਡੇ ਜਾਣਗੇ ਅਤੇ ਦਸਤ ਹੋਣ ਦੀ ਹਾਲਤ ਵਿਚ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਣਗੀਆਂ। ਸੀਨੀਅਰ ਮੈਡੀਕਲ ਅਫਸਰ ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਦਸਤਾਂ ਦੌਰਾਨ ਓ ਆਰ ਐਸ ਅਤੇ ਜ਼ਿੰਕ ਬਹੁਤ ਜ਼ਰੂਰੀ ਹੈ। ਦਸਤਾਂ ਦੌਰਾਨ ਨੇੜੇ ਦੇ ਸਿਹਤ ਕੇਂਦਰ ਚੋਂ ਸਲਾਹ ਅਨੁਸਾਰ ਓ ਆਰ ਐਸ ਅਤੇ ਜਿੰਕ ਦੀ ਵਰਤੋਂ ਕਰਕੇ ਬਹੁਤ ਸਾਰੇ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ। ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਤੇ ਕੁਲਜੀਤ ਸਿੰਘ ਬਲਾਕ ਐਕਸਟੈਨਸ਼ਨ ਐਜੂਕੇਟਰ ਨੇ ਦੱਸਿਆ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ 'ਚ ਦਸਤ ਰੋਕੂ ਮੁਹਿੰਮ ਸੰਬੰਧੀ ਕਾਰਨਰ ਬਣਾ ਦਿਤੇ ਗਏ ਹਨ। ਜਿੱਥੇ ਓ ਆਰ ਐਸ ਅਤੇ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਂਦੀਆਂ ਹਨ। ਸਿਹਤ ਕਰਮਚਾਰੀਆਂ ਅਤੇ ਆਸਾ ਵੱਲੋਂ ਲੋਕਾਂ ਨੂੰ ਦਸਤਾਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ/ਅਧਿਕਾਰੀ ਹਾਜ਼ਰ ਸਨ।