- ਜੰਗ 'ਚ ਭਾਰਤੀ ਸੈਨਿਕਾਂ ਦੀ ਬੇਮਿਸਾਲ ਬਹਾਦਰੀ ਨੂੰ ਵੀ ਕੀਤਾ ਯਾਦ
ਲੁਧਿਆਣਾ, 26 ਜੁਲਾਈ 2024 : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅੱਜ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਮੌਕੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜੀਅਮ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੀ ਮਾਤ-ਭੂਮੀ ਲਈ ਦਿੱਤੀ ਮਹਾਨ ਕੁਰਬਾਨੀ ਲਈ ਸ਼ਰਧਾਂਜਲੀ ਭੇਟ ਕੀਤੀ। ਡਿਪਟੀ ਕਮਿਸ਼ਲਰ ਸਾਹਨੀ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਮਿਸਾਲੀ ਸਾਹਸ ਨੂੰ ਯਾਦ ਕੀਤਾ ਅਤੇ ਜੰਗ ਵਿੱਚ ਅਤਿਅੰਤ ਔਖੀਆਂ ਹਾਲਤਾਂ ਦੇ ਬਾਵਜੂਦ ਭਾਰਤ ਦੀ ਧਰਤੀ ਤੋਂ ਘੁਸਪੈਠੀਆਂ ਨੂੰ ਖਦੇੜ ਦਿੱਤਾ। ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਹਰ ਦੇਸ਼ ਵਾਸੀ ਇਨ੍ਹਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਲਈ ਉਨ੍ਹਾਂ ਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਸਮਾਜ, ਪ੍ਰਸ਼ਾਸਨ ਅਤੇ ਰਾਸ਼ਟਰ ਹਮੇਸ਼ਾ ਉਨ੍ਹਾਂ ਸ਼ਹੀਦਾਂ ਦਾ ਧੰਨਵਾਦੀ ਰਹੇਗਾ ਜਿਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਦੇਸ਼ ਭਗਤੀ ਦੇ ਜਜ਼ਬੇ ਨਾਲ ਸੇਵਾ ਕੀਤੀ। ਡਿਪਟੀ ਕਮਿਸ਼ਨਰ ਸਾਹਨੀ ਨੇ ਅੱਗੇ ਕਿਹਾ ਕਿ ਸ਼ਹੀਦਾਂ ਦੁਆਰਾ ਦਿੱਤੀ ਗਈ ਕੁਰਬਾਨੀ ਨੌਜਵਾਨਾਂ ਨੂੰ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਅਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨ ਲਈ ਹਮੇਸ਼ਾ ਇੱਕ ਚਾਨਣ ਮੁਨਾਰੇ ਵਜੋਂ ਕੰਮ ਕਰੇਗੀ। ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਮਿਊਜ਼ੀਅਮ ਦੀਆਂ ਵੱਖ-ਵੱਖ ਗੈਲਰੀਆਂ ਦਾ ਵੀ ਦੌਰਾ ਕੀਤਾ।