- ਕਿਹਾ, ਜ਼ੇਕਰ ਕਿਸੇ ਨੇ ਸਾੜੀ ਪਰਾਲੀ ਤਾਂ ਹੋਵੇਗੀ ਕਾਰਵਾਈ
- ਕਿਸਾਨਾਂ ਨੂੰ ਮੁੜ ਕੀਤੀ ਪਰਾਲੀ ਨਾ ਸਾੜਨ ਦੀ ਅਪੀਲ
- ਸਬਸਿਡੀ ਵਾਲੀਆਂ ਮਸ਼ੀਨਾਂ ਦੀ ਖਰੀਦ ਤੁੰਰਤ ਕਰਨ ਦੀ ਵੀ ਕੀਤੀ ਅਪੀਲ
ਫਾਜਿ਼ਲਕਾ, 13 ਅਕਤੂਬਰ : ਫਾਜਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਪਰਾਲੀ ਸਾੜਨ ਦੀ ਕੁਪ੍ਰਥਾ ਨੂੰ ਬੰਦ ਕਰਨ ਲਈ ਤਾਇਨਾਤ ਕੀਤੀਆਂ ਟੀਮਾਂ ਨੂੰ ਹਦਾਇਤ ਕੀਤੀ ਹੈ ਕਿ ਜਿੱਥੇ ਕਿਤੇ ਵੀ ਪਰਾਲੀ ਸਾੜਨ ਦੀ ਘਟਨਾ ਦਾ ਪਤਾ ਲੱਗੇ ਤਿੰਨ ਘੰਟੇ ਦੇ ਅੰਦਰ ਅੰਦਰ ਟੀਮ ਮੌਕੇ ਤੇ ਪੁੱਜ ਕੇ ਨਿਯਮਾਂ ਅਨੁਸਾਰ ਕਾਰਵਾਈ ਕਰੇਗੀ ਅਤੇ ਨਿਯਮਾਂ ਅਨੁਸਾਰ ਚਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਵਿਚ ਬਹੁਤ ਸਾਰੇ ਪੌਸਕ ਤੱਤ ਹੁੰਦੇ ਹਨ ਅਤੇ ਪਰਾਲੀ ਸਾੜਨ ਨਾਲ ਇਹ ਵੀ ਸੜ ਜਾਂਦੇ ਹਨ ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਵਾਤਾਵਰਨ ਪ੍ਰਦੁਸਿ਼ਤ ਹੁੰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਨੂੰ ਸਾੜਿਆਂ ਨਾ ਜਾਵੇ ਸਗੋਂ ਇਸ ਨੂੰ ਖੇਤ ਵਿਚ ਹੀ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਜਾਵੇ ਇਸ ਨਾਲ ਜਮੀਨ ਵਿਚ ਕਾਰਬਨਿਕ ਮਾਦਾ ਵਧੇਗਾ ਅਤੇ ਕਿਸਾਨਾਂ ਦੀ ਜ਼ਮੀਨ ਦੀ ਊਪਜਾਊ ਸ਼ਕਤੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਦਾ ਜਿੰਨ੍ਹਾਂ ਫੌਰੀ ਖਰਚਾ ਹੋਵੇਗਾ ਉਸਨੂੰ ਲਾਭ ਇਸਨਾਲੋਂ ਬਹੁਤ ਜਿਆਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਪਰਾਲੀ ਸਾੜੀ ਤਾਂ ਪ੍ਰਸ਼ਾਸਨ ਨੂੰ ਮਜਬੂਰੀ ਵਸ ਕਾਰਵਾਈ ਕਰਨੀ ਪਵੇਗੀ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਇਸ ਸਬੰਧੀ ਸਖ਼ਤ ਹਦਾਇਤਾਂ ਹਨ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਮਸ਼ੀਨਾ ਦੀ ਸਬਸਿਡੀ ਲਈ ਡ੍ਰਾਅ ਨਿਕਲੇ ਹਨ ਉਹ 14 ਅਕਤੂਬਰ ਤੱਕ ਮਸ਼ੀਨਾਂ ਜਰੂਰ ਖਰੀਦ ਲੈਣ ਨਹੀਂ ਤਾਂ ਇਹ ਮਸ਼ੀਨਾਂ ਸੂਚੀ ਵਿਚ ਅਗਲੇ ਕਿਸਾਨਾਂ ਲਈ ਅਲਾਟ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸਾਨ ਤੁੰਰਤ ਇਹ ਖਰੀਦ ਕਰ ਲੈਣ। ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਜਿ਼ਲ੍ਹੇ ਵਿਚ ਪਹਿਲਾਂ ਤੋਂ ਉਪਲਬੱਧ ਮਸ਼ੀਨਾਂ ਦੀਆਂ ਸੂਚੀਆਂ ਵੀ ਪਿੰਡਾਂ ਵਿਚ ਲਗਾਈਆਂ ਗਈਆਂ ਹਨ ਅਤੇ ਕਿਸਾਨ ਇੰਨ੍ਹਾਂ ਲੋਕਾਂ ਤੋਂ ਮਸ਼ੀਨਾਂ ਕਿਰਾਏ ਤੇ ਲੈ ਕੇ ਵੀ ਪਰਾਲੀ ਦਾ ਪ੍ਰਬੰਧ ਕਰ ਸਕਦੇ ਹਨ। ਜਦ ਕਿ ਮਲਚਿੰਗ ਤਕਨੀਕ ਨਾਲ ਬਿਜਾਈ ਦੀ ਸੌਖੀ ਵਿਧੀ ਵੀ ਉਪਲਬੱਧ ਹੈ। ਇਸ ਲਈ ਕਿਸਾਨ ਆਪਣੇ ਇਲਾਕੇ ਤੇ ਖੇਤੀਬਾੜੀ ਅਧਿਕਾਰੀ ਨਾਲ ਰਾਬਤਾ ਕਰਨ।