ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੀਆਂ ਪੈਲੇਟਸ ਨੂੰ ਭੱਠਿਆਂ 'ਚ ਬਾਲਣ ਵਜੋਂ ਵਰਤਣ ਲਈ ਭੱਠਾ ਮਾਲਕਾਂ ਨਾਲ ਮੀਟਿੰਗ

  • ਭੱਠਿਆਂ ਵਿਚ ਲਾਜਮੀ ਤੌਰ ਤੇ ਬਾਲਣ ਵਿਚ 20 ਫੀਸਦੀ ਹਿੱਸਾ ਪਰਾਲੀ ਦੀ ਪੈਲਟਸ ਦਾ ਹੋਵੇ
  • ਜ਼ਿਲ੍ਹਾ ਪ੍ਰਸ਼ਾਸਨ ਭੱਠਾ ਮਾਲਕਾਂ ਦੀ ਹਰ ਸੰਭਵ ਸਹਾਇਤਾ ਲਈ ਤਿਆਰ- ਡਾ ਪੱਲਵੀ
  • ਭੱਠਾ ਮਾਲਕਾਂ ਨੇ ਪੂਰਨ ਸਹਿਯੋਗ ਕਰਨ ਦਾ ਦਿੱਤਾ ਭਰੋਸਾ

ਮਾਲੇਰਕੋਟਲਾ 09 ਸਤੰਬਰ :ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਪਰਾਲੀ ਦੀਆਂ ਪੈਲੇਟਸ (ਗੋਲੀਆਂ) ਦੀ ਵਰਤੋਂ ਇੱਟਾਂ ਦੇ ਭੱਠਿਆਂ ਵਿੱਚ ਬਾਲਣ ਦੇ ਰੂਪ ਵਿੱਚ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜ਼ਿਲ੍ਹੇ ਦੇ ਭੱਠਾ ਮਾਲਕਾਂ ਨਾਲ ਮੀਟਿੰਗ ਕਰਕੇ ਭੱਠਿਆਂ ਵਿੱਚ ਪਰਾਲੀ ਦੀਆਂ ਪੈਲੇਟਸ ਵਰਤੋਂ ਸਬੰਧੀ ਜਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਜ਼ਿਲ੍ਹਾ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ , ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਮੌਜੂਦ ਸਨ।  ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇੱਟਾਂ ਦੇ ਭੱਠਿਆਂ ਵਿਚ ਵਰਤੇ ਜਾਂਦੇ ਬਾਲਣ ਵਿਚ 20 ਫੀਸਦੀ ਹਿੱਸਾ ਪਰਾਲੀ ਤੋਂ ਬਣੀਆਂ ਪੈਲਟਸ ਦਾ ਵਰਤਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਹ ਨਿਯਮ 01 ਮਈ 2023 ਤੋਂ ਲਾਗੂ ਹੈ। ਡਿਪਟੀ ਕਮਿਸ਼ਨਰ ਨੇ ਭੱਠਾ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਦੀ ਇੰਨ ਬਿਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਪਰਾਲੀ ਦੀਆਂ ਪੈਲਟਸ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਸਾਨੂੰ ਆਪਣੀ ਸਮਾਜਿਕ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ ਪਾਉਂਣ ਅਤੇ ਆਪਣੀਆਂ ਨਸਲਾਂ ਦੇ ਭਵਿੱਖ ਲਈ ਸਾਫ਼ ਸੁਥਰਾ ਪ੍ਰਦੂਸਣ ਮੁਕਤ ਵਾਤਾਵਰਣ ਨੂੰ ਸੁਰੱਖਿਅਤ ਕਰਨ ਲਈ ਇਸ ਸਮਾਜਿਕ ਸਰੋਕਾਰ ਲਈ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਭੱਠਿਆਂ ਵਿੱਚ ਬਾਲਣ ਵਜੋਂ ਵਰਤਣ ਲਈ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਫਲਤਾਪੂਰਵਕ ਤਜਰਬਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਪਰਾਲੀ ਦੀਆਂ ਭੱਠਿਆਂ ਲਈ ਪੈਲੇਟਸ (ਗੋਲੀਆਂ) ਬਣਾਉਣ ਲਈ ਹੁਣੇ ਤੋਂ ਕੰਮ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹੀ ਇੰਡਸਟਰੀ ਦੀ ਪਹਿਚਾਣ ਕੀਤੀ ਜਾਵੇ ਜੋ ਪਰਾਲੀ ਦੀਆਂ ਭੱਠਿਆਂ ਵਿੱਚ ਵਰਤੋਂ ਲਈ ਗੋਲੀਆਂ ਬਣਾਉਣ ਦਾ ਕੰਮ ਕਰ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭੱਠਾ ਮਾਲਕਾਂ ਦੀ ਹਰ ਸੰਭਵ ਸਹਾਇਤਾ ਲਈ ਤਿਆਰ ਹੈ। ਇਸ ਮੌਕੇ ਭੱਠਾ ਮਾਲਕਾ ਨੇ ਵੀ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।