- ਉਪਲਬੱਧ ਸਹੁਲਤਾਂ ਦਾ ਲਿਆ ਜਾਇਜਾ
- ਵਿਦਿਆਰਥਣਾਂ ਦੀ ਸਖਸ਼ੀਅਤ ਉਸਾਰੀ ਅਤੇ ਉਨ੍ਹਾਂ ਵਿਚ ਕਿਤਾਬਾਂ ਪੜ੍ਹਨ ਦੀਆਂ ਰੂਚੀਆਂ ਵਿਕਸਤ ਕਰਨ ਲਈ ਕਿਹਾ
ਜਲਾਲਾਬਾਦ, 5 ਜੁਲਾਈ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਜਿਆਦਾ ਤੋਂ ਜਿਆਦਾ ਜਮੀਨੀ ਪੱਧਰ ਤੇ ਜਾ ਕੇ ਕੰਮ ਕਰਨ ਦੀਆਂ ਹਦਾਇਤਾਂ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਜਲਾਲਾਬਾਦ ਦੇ ਸਿਵਲ ਹਸਪਤਾਲ ਅਤੇ ਸਰਕਾਰੀ ਕੰਨਿਆ ਸੀਨਿਅਰ ਸੈਕੰਡਰੀ ਸਕੂਲ ਦਾ ਅਚਾਨਕ ਦੌਰਾ ਕਰਕੇ ਇੱਥੇ ਉਪਲਬੱਧ ਸਹੁਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਨੇ ਐਮਰਜੈਂਸੀ, ਸਟਾਫ ਰੂਮ, ਫਾਰਮੇਸੀ ਅਤੇ ਓਪੀਡੀ ਚੈਕ ਕੀਤੀ ਅਤੇ ਸਟਾਫ ਦੀ ਹਾਜਰੀ ਵੀ ਚੈਕ ਕੀਤੀ।ਇਸ ਦੌਰਾਨ ਉਨ੍ਹਾਂ ਨੇ ਇੱਥੇ ਸਫਾਈ ਵਿਵਸਥਾ ਹੋਰ ਦਰੁਸੱਤ ਕਰਨ ਦੀ ਹਦਾਇਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਸੀਨਿਅਰ ਸੈਕੰਡਰੀ ਕੰਨਿਆ ਸਕੂਲ ਦਾ ਦੌਰਾ ਕਰਕੇ ਇੱਥੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਅਤੇ ਸਕੂਲ ਸਟਾਫ ਤੋਂ ਸਕੂਲ ਦੀ ਬਿਹਤਰੀ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣੇ ਭਵਿੱਖ ਦੇ ਨਿਸ਼ਾਨੇ ਮਿੱਥ ਕੇ ਦ੍ਰਿੜ ਨਿਸਚੈ ਨਾਲ ਆਪਣੇ ਸੁਪਨਿਆਂ ਦੀ ਪੂਰਤੀ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇੱਥੇ ਉਨ੍ਹਾਂ ਨੇ ਸਕੂਲ ਦੀ ਲਾਇਬ੍ਰੇਰੀ, ਮਿੱਡ ਡੇ ਮੀਲ, ਬਾਥਰੂਮ ਅਤੇ ਹੋਰ ਬਲਾਕਾਂ ਦਾ ਆਪ ਜਾ ਕੇ ਜਾਇਜ਼ਾ ਲਿਆ ਅਤੇ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਨਿਰਧਾਰਤ ਮਾਪਦੰਡ ਅਨੁਸਾਰ ਸਕੂਲ ਵਿਚ ਹਰ ਵਿਵਸਥਾ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਸਕੂਲ ਪ੍ਰਬੰਧਨ ਨੂੰ ਹਦਾਇਤ ਕੀਤੀ ਕਿ ਸਿਲੇਬਸ ਦੀ ਪੜਾਈ ਦੇ ਨਾਲ ਨਾਲ ਵਿਦਿਆਰਥਣਾਂ ਦੀ ਸਖਸੀ਼ਅਤ ਉਸਾਰੀ ਅਤੇ ਉਨ੍ਹਾਂ ਨੂੰ ਸਾਹਿਤ ਦੀਆਂ ਕਿਤਾਬਾਂ ਨਾਲ ਜ਼ੋੜਨ ਲਈ ਵੀ ਉਪਰਾਲੇ ਕੀਤੇ ਜਾਣ। ਇਸ ਮੌਕੇ ਉਨ੍ਹਾਂ ਦੇ ਨਾਲ ਜਲਾਲਾਬਾਦ ਦੇ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਵੀ ਹਾਜਰ ਸਨ।