- ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦਾ ਉਦੇਸ਼ ਜੀ.ਐਸ.ਟੀ. ਤਹਿਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ : ਕੁਲਵੰਤ ਸਿੰਘ
- ਖਪਤਕਾਰ ਕੋਈ ਵੀ ਸਮਾਨ ਖਰੀਦਣ ਮੌਕੇ ਵਿਕਰੇਤਾ ਪਾਸੋਂ ਬਿੱਲ ਜ਼ਰੂਰ ਹਾਸਲ ਕਰਨ
ਮੋਗਾ, 02 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਟੈਕਸ ਚੋਰੀ ਨੂੰ ਰੋਕਣ ਲਈ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੇ ਤਹਿਤ ‘ਮੇਰਾ ਬਿੱਲ’ ਐਪ ਤਿਆਰ ਕੀਤੀ ਗਈ ਹੈ। ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਐਪ ‘ਤੇ ਬਿੱਲ ਅਪਲੋਡ ਕਰਨ ਦੀ ਸ਼ੁਰੂਆਤ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਜੀ.ਐਸ.ਟੀ. ਤਹਿਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਗਾਹਕਾਂ ਨੂੰ ਬਿੱਲ ਲੈਣ ਲਈ ਉਤਸ਼ਾਹਿਤ ਕਰਕੇ ਮਾਲੀਏ ਦੀ ਉਗਰਾਹੀ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਖਪਤਕਾਰਾਂ ਨੂੰ ਕੋਈ ਵੀ ਸਮਾਨ ਖਰੀਦਣ ਮੌਕੇ ਵਿਕਰੇਤਾ ਪਾਸੋਂ ਬਿੱਲ ਹਾਸਲ ਕਰਨ ਲਈ ਉਤਸ਼ਾਹਿਤ ਕਰਨ ਲਈ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ‘ਮੇਰਾ ਬਿੱਲ’ ਐਪ ਐਂਡਰਾਇਡ ਫੋਨ ਲਈ ਗੂਗਲ ਪਲੇਅ ਸਟੋਰ ਅਤੇ ਐਪਲ ਲਈ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਪਤਕਾਰਾਂ ਨੂੰ ‘ਮੇਰਾ ਬਿੱਲ’ ਐਪ ਉਤੇ ਖਰੀਦ ਦਾ ਬਿੱਲ ਅਪਲੋਡ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਹ ਖਪਤਕਾਰ ਲੱਕੀ ਡਰਾਅ ਵਿਚ ਸ਼ਾਮਲ ਹੋਣ ਦੇ ਯੋਗ ਹੋ ਜਾਣਗੇ ਅਤੇ ਲੱਕੀ ਡਰਾਅ ਹਰੇਕ ਮਹੀਨੇ ਦੀ 7 ਤਰੀਕ ਨੂੰ ਕੱਢਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਜ਼ਿਲ੍ਹੇ ਵਿਚ ਵੱਧ ਤੋਂ ਵੱਧ 10 ਇਨਾਮ ਦਿੱਤੇ ਜਾਣੇ ਹਨ ਅਤੇ ਯੋਗ ਬਿੱਲ ਦੀ ਰਕਮ ਘੱਟ ਤੋਂ ਘੱਟ 200 ਰੁਪਏ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਹ ਇਨਾਮ ਵਸਤ/ਸੇਵਾ ਲਈ ਅਦਾ ਕੀਤੇ ਕਰ ਯੋਗ ਰਕਮ ਦੇ ਪੰਜ ਗੁਣਾਂ ਦੇ ਬਰਾਬਰ ਹੋਵੇਗਾ ਪਰ ਇਹ ਇਨਾਮ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਤੂਆਂ ਦੀ ਸੂਚੀ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ ਉਤੇ ਪਾਈ ਜਾਵੇਗੀ ਅਤੇ ਜੇਤੂਆਂ ਨੂੰ ਮੋਬਾਈਲ ਐਪ ਦੇ ਰਾਹੀਂ ਸੂਚਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੈਟਰੋਲੀਅਮ ਉਤਪਾਦ (ਕੱਚਾ ਤੇਲ, ਪੈਟਰੋਲ, ਡੀਜ਼ਲ, ਹਵਾਬਾਜ਼ੀ ਟਰਬਾਈਨ ਈਂਧਨ ਅਤੇ ਕੁਦਰਤੀ ਗੈਸ) ਅਤੇ ਸ਼ਰਾਬ ਦੇ ਨਾਲ-ਨਾਲ ਬਿਜ਼ਨਸ-ਟੂ-ਬਿਜ਼ਨਸ ਦੇ ਲੈਣ-ਦੇਣ ਦੇ ਵਿਕਰੀ ਬਿੱਲ ਇਸ ਸਕੀਮ ਵਿਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਵਸਤਾਂ ਦੀ ਖਰੀਦ ਮੌਕੇ ਵਿਕਰੇਤਾਵਾਂ ਕੋਲੋਂ ਬਿੱਲ ਲੈਣ ਲਈ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਇਸ ਸਕੀਮ ਵਿਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਕੀਮ ਲੋਕਾਂ ਲਈ ਬਣਾਈ ਗਈ ਹੈ ਅਤੇ ਇਸ ਜ਼ਰੀਏ ਸਰਕਾਰ ਟੈਕਸ ਚੋਰੀ ਵੀ ਰੋਕ ਸਕੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੈਕਸ ਕਾਨੂੰਨਾਂ ਦਾ ਪਾਲਣ ਕਰਨ ਪ੍ਰਤੀ ਪ੍ਰੇਰਿਤ ਕੀਤਾ ਜਾਵੇਗਾ ਜਿਸ ਨਾਲ ਉਹ ਸੂਬੇ ਦੇ ਵਿਕਾਸ ਵਿਚ ਅਹਿਮ ਭਾਈਵਾਲ ਬਣਨਗੇ।
ਇਸ ਮੌਕੇ ਸ਼੍ਰੀ ਜੇ ਇਲਨਚੇਲੀਅਨ ਜ਼ਿਲ੍ਹਾ ਪੁਲਿਸ ਮੁਖੀ, ਸ਼੍ਰੀਮਤੀ ਚਾਰੂਮਿਤਾ ਐੱਸ ਡੀ ਐੱਮ ਮੋਗਾ, ਸ੍ਰ ਵੀ ਪੀ ਸਿੰਘ, ਸਹਾਇਕ ਕਮਿਸ਼ਨਰ ਸਟੇਟ ਟੈਕਸ ਵੀ ਹਾਜ਼ਰ ਸਨ।