- ਸਬਸਿਡੀ ‘ਤੇ ਸਰਫੇਸ ਸੀਡਰ ਮਸ਼ੀਨ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਕਿਸਾਨ ਕਰਨ ਅਪਲਾਈ: ਡਿਪਟੀ ਕਮਿਸ਼ਨਰ
- ਕਿਸਾਨਾਂ ਤੋਂ ਵੀ ਲਏ ਸੁਝਾਅ; 10 ਸਤੰਬਰ ਤੱਕ ਆਨਲਾਇਨ ਅਰਜ਼ੀਆਂ ਦੀ ਮੰਗ
ਐੱਸ.ਏ.ਐੱਸ ਨਗਰ, 4 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਾਉਣ ਨਾਲ ਹੁੰਦੇ ਪ੍ਰਦੂਸ਼ਣ ਦੇ ਪੱਕੇ ਹੱਲ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਬਸਿਡੀ ‘ਤੇ ਸਰਫੇਸ ਸੀਡਰ ਮਸ਼ੀਨਾਂ ਦਿੱਤੀਆਂ ਜਾਣੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਮਸ਼ੀਨਾਂ ਦੀ ਵੰਡ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੇਤੀਬਾੜੀ ਵਿਭਾਗ ਸਮੇਤ ਸੱਦੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕਿ ਇਸ ਦੇ ਸੁਚੱਜੇ ਪ੍ਰਬੰਧ ਕਰਨ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮਸ਼ੀਨਾਂ ਲਈ ਆਨਲਾਇਨ ਅਰਜ਼ੀਆਂ ਦੇਣ ਦੀ ਮਿਤੀ 18 ਅਗਸਤ 2023 ਨੁੰ ਸਮਾਪਤ ਹੋ ਗਈ ਸੀ। ਸਰਕਾਰ ਵੱਲੋਂ ਵਿਅਕਤੀਗਤ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ ਅਤੇ ਸਹਿਕਾਰੀ ਸਭਾਵਾਂ/ ਪੰਚਾਇਤਾਂ/ ਐਫ.ਪੀ.ਓ./ ਕਿਸਾਨ ਗਰੁੱਪਾਂ ਨੂੰ 80 ਪ੍ਰਤੀਸ਼ਤ ਸਬਸਿਡੀ ‘ਤੇ ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਦੀ ਸੂਚੀ ਵਿੱਚ ਸਰਫੇਸ ਸੀਡਰ ਮਸ਼ੀਨ ਦੀ ਖ੍ਰੀਦ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਕਿ ਪਹਿਲਾਂ ਦਿੱਤੀਆਂ ਜਾ ਰਹੀਆਂ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਆਦਿ ਮਸ਼ੀਨਾਂ ਦੇ ਮੁਕਾਬਲੇ ਛੋਟੇ ਟਰੈਕਟਰਾਂ ਨਾਲ ਵੀ ਚਲਾਈ ਜਾ ਸਕਦੀ ਹੈ। ਇਸ ਮਸ਼ੀਨ ਨਾਲ 2 ਏਕੜ ਪ੍ਰਤੀ ਘੰਟਾ ਬਿਜਾਈ ਦੇ ਹਿਸਾਬ ਨਾਲ 16 ਏਕੜ ਪ੍ਰਤੀ ਦਿਨ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਦੀ ਖ੍ਰੀਦ ਲਈ ਕਿਸਾਨਾਂ ਪਾਸੋਂ ਅਰਜ਼ੀਆਂ ਦੀ ਮੰਗ ਮਿਤੀ 10 ਸਤੰਬਰ 2023 ਤੱਕ ਕੀਤੀ ਗਈ ਹੈ। ਇਸ ਲਈ ਚਾਹਵਾਨ ਕਿਸਾਨ 10 ਸਤੰਬਰ 2023 ਤੱਕ agrimachinerypb.com ਸਾਈਟ ‘ਤੇ ਆਨਲਾਇਨ ਅਰਜ਼ੀਆਂ ਰਾਹੀਂ ਅਪਲਾਈ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤੇ ਉਹ ਅਪਲਾਈ ਕਰਨ ਤੇ ਇਸ ਮਸ਼ਿਨਰੀ ਦਾ ਲਾਹਾ ਲੈਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੀ.ਆਰ. ਕੋਆਪਰੇਟਿਵ ਇਹ ਯਕੀਨੀ ਬਣਾਉਣ ਕਿ ਇਸ ਮਸ਼ੀਨ ਦੀ ਵਰਤੋਂ ਸਹੀ ਢੰਗ ਨਾਲ ਕਰਨ ਲਈ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਫਾਰਮਰ ਪ੍ਰੋਡਿਊਸਰ ਆਰਗਨਾਈਜੇਸ਼ਨ (ਐੱਫ ਪੀ ਓਜ਼) ਰਜਿਸਟਰ ਕਰਨੇ ਯਕੀਨੀ ਬਣਾਏ ਜਾਣ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਤੋਂ ਵੀ ਸੁਝਾਅ ਲਏ ਅਤੇ ਅਮਲ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੀਤਿਕਾ ਸਿੰਘ, ਐੱਸ ਡੀ ਐਮ ਖਰੜ ਰਵਿੰਦਰ ਸਿੰਘ, ਐੱਸਡੀਐਮ ਡੇਰਾਬਸੀ ਹਿਮਾਂਸ਼ੂ ਗੁਪਤਾ, ਐੱਸ ਡੀ ਐਮ ਚੰਦਰ ਜਯੋਤੀ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ, ਖੇਤੀਬਾੜੀ ਵਿਕਾਸ ਅਫਸਰ ਗੁਰਦਿਆਲ ਕੁਮਾਰ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।