- ਹੁਣ ਤੱਕ ਸਰਕਾਰੀ ਸਕੂਲ ਵਿਚ ਪੜ੍ਹਾਈ ਕਰਕੇ ਹੀ ਮਿਠਣ ਸਿੰਘ ਨੇ ਇਸ ਉਪਲਬਧੀ ਨੂੰ ਕੀਤਾ ਹਾਸਲ
- ਸਰਕਾਰ ਦੀ ਸਕਾਲਰਸ਼ਿਪ ਸਕੀਮ ਰਾਹੀਂ ਐਮ.ਬੀ.ਬੀ.ਐਸ. ਦੀ ਪੜਾਈ ਰੱਖੇਗਾ ਜਾਰੀ
ਫਾਜ਼ਿਲਕਾ, 8 ਅਗਸਤ : ਫਾਜ਼ਿਲਕਾ ਜ਼ਿਲੇ੍ਹ ਦੇ ਵਿਦਿਆਰਥੀ ਨੇ ਬਚਪਨ ਵਿਚ ਡਾਕਟਰ ਬਣਨ ਦਾ ਜ਼ੋ ਸੁਪਨਾ ਵੇਖਿਆ ਸੀ ਉਸ ਦੀ ਪੂਰਤੀ ਦੀ ਸ਼ੁਰੂਆਤ ਹੋ ਚੁੱਕੀ ਹੈ। ਪਿੰਡ ਲਾਧੂਕਾ ਦੇ ਹੋਣਹਾਰ ਵਿਦਿਆਰਥੀ ਮਿੱਠਣ ਸਿੰਘ ਨੇ ਨੀਟ ਦੀ ਪ੍ਰੀਖਿਆ ਪਾਸ ਕਰਕੇ ਐਮ.ਬੀ.ਬੀ.ਐਸ. ਵਿਚ ਦਾਖਲਾ ਲੈ ਲਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ *ਤੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਮਿੱਠਣ ਸਿੰਘ ਨੂੰ ਸਨਮਾਨਿਤ ਕੀਤਾ।ਉਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆ ਕਿਹਾ ਕਿ ਅਜਿਹੀਆ ਪ੍ਰਾਪਤੀਆਂ ਹਾਸਲ ਕਰਨ ਅਤੇ ਜ਼ਿਲ੍ਹਾ ਫਾਜ਼ਿਲਕਾ ਦਾ ਨਾਮ ਚਮਕਾਉਣ *ਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ।ਇਸ ਮੌਕੇ ਤਹਿਸੀਲ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਸ੍ਰੀ ਅਸ਼ੋਕ ਕੁਮਾਰ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਪਿੰਡ ਲਾਧੂਕਾ ਦੇ ਮਿੱਠਣ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੱਚੀ ਲਗਨ ਤੇ ਮਿਹਨਤ ਨਾਲ ਔਖੀ ਤੋਂ ਔਖੀ ਔਂਕੜ ਨੂੰ ਦੂਰ ਕੀਤਾ ਜਾ ਸਕਦਾ ਹੈ ਕੋਈ ਵੀ ਮੰਜ਼ਲ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਘਰੇਲੂ ਹਾਲਾਤ ਜ਼ੋ ਵੀ ਹੋਣ ਜੇਕਰ ਕੁਝ ਕਰ ਵਿਖਾਉਣ ਦਾ ਮਨ ਬਣਾ ਲਿਆਂ ਤਾਂ ਸਾਨੂੰ ਕੋਈ ਵੀ ਮੁਸ਼ਕਲ ਹਰਾ ਨਹੀਂ ਸਕਦੀ ਹੈ। ਉਨ੍ਹਾਂ ਕਿਹਾ ਕਿ ਮਿਠੱਣ ਸਿੰਘ ਜ਼ੋ ਕਿ ਸ਼ੁਰੂ ਤੋਂ ਹੀ ਸਰਕਾਰੀ ਸਕੂਲ ਵਿਚ ਪੜਿਆ ਹੈ ਤੇ ਪੜ੍ਹਾਈ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ ਜਿਸ ਸਦਕਾ ਉਹ ਆਪਣੀ ਮੰਜਲ ਦੀ ਪ੍ਰਾਪਤੀ ਵੱਲ ਵਧ ਸਕਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਅਨੇਕਾ ਸਕਾਲਰਸ਼ਿਪ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ ਫਾਇਦਾ ਉਠਾ ਕੇ ਜਿਥੇ ਵਿਦਿਆਰਥੀ ਵਰਗ ਆਪਣੀ ਉਚੇਰੀ ਪੜ੍ਹਾਈ ਜਾਰੀ ਰੱਖ ਸਕਦੇ ਹਨ ਉਥੇ ਸਖਤ ਮਿਹਨਤ ਕਰਕੇ ਚੰਗੇ ਰੈਂਕਾਂ *ਤੇ ਪਹੁੰਚ ਸਕਦੇ ਹਨ। ਐਸ.ਸੀ. ਕੈਟਾਗਰੀ ਨਾਲ ਸਬੰਧ ਰੱਖਣ ਵਾਲੇ ਮਿਠਣ ਸਿੰਘ ਦਾ ਇਸ ਮੌਕੇ ਕਹਿਣਾ ਹੈ ਕਿ ਉਸਦੇ ਪਿਤਾ ਮਜ਼ਦੂਰ ਹਨ ਜਿਸ ਕਰਕੇ ਘਰ ਦੇ ਹਾਲਾਤ ਜ਼ਿਆਦਾ ਵਧੀਆ ਨਹੀਂ ਸਨ ਪਰ ਉਸਦਾ ਡਾਕਟਰ ਬਣਨ ਦਾ ਸੁਪਨਾ ਸੀ ਜਿਸ ਨੂੰ ਉਹ ਬਚਪਨ ਤੋਂ ਪੂਰਾ ਕਰਨ ਵਿਚ ਜੁਟਿਆ ਰਿਹਾ।ਉਸਦਾ ਕਹਿਣਾ ਹੈ ਕਿ ਪਿਤਾ ਮਜਦੂਰ ਹੋਣ ਕਰਕੇ ਕੋਚਿੰਗ ਆਦਿ ਦਾ ਖਰਚ ਨਹੀਂ ਝੱਲ ਸਕਦੇ ਸੀ ਇਸ ਲਈ ਮੈਂ ਖੁਦ ਘਰ ਵਿਚ ਹੀ ਪੜ੍ਹਾਈ ਕਰਦਾ ਸੀ ਤੇ ਦਿਨ ਰਾਤ ਮਿਹਨਤ ਕਰਕੇ ਨੀਟ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਇਲਾਵਾ ਮਿਠਣ ਸਿੰਘ ਸਰਕਾਰ ਵੱਲੋਂ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬਹੁਤ ਧੰਨਵਾਦ ਕਰਦਾ ਹੈ ਜ਼ੋ ਕਿ ਉਸਦੀ ਅਗਲੇਰੀ ਪੜ੍ਹਾਈ ਜਾਰੀ ਰੱਖਣ ਵਿਚ ਮਦਦ ਕਰੇਗੀ।ਉਹ ਆਖਦਾ ਹੈ ਕਿ ਸਕਾਲਰਸ਼ਿਪ ਨਾਲ ਪੜ੍ਹਾਈ ਜਾਰੀ ਕਰਕੇ ਡਾਕਟਰ ਦੀ ਉਪਾਧੀ ਹਾਸਲ ਕਰੇਗਾ ਤੇ ਲੋਕਾਂ ਦੀ ਸੇਵਾ ਕਰ ਸਕੇਗਾ। ਉਹ ਆਪਣੀ ਕਾਮਯਾਬੀ ਵਿਚ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਆਪਣੇ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ ਹੈ। ਇਸ ਮੌਕੇ ਮਿੱਠਣ ਸਿੰਘ ਦੇ ਪਰਿਵਾਰ ਮੈਂਬਰ ਮੌਜ਼ੂਦ ਸਨ।