- ਦੋਵੇਂ ਪਰਿਵਾਰਾਂ ਨਾਲ ਕੀਤੀ ਖੁਸ਼ੀ ਸਾਂਝੀ
ਬਰਨਾਲਾ, 17 ਅਕਤੂਬਰ : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਪੀਸੀਐੱਸ (ਜੁਡੀਸ਼ੀਅਲ) 2023 ਦੀ ਪ੍ਰੀਖਿਆ ਪਾਸ ਕਰਕੇ ਜ਼ਿਲ੍ਹਾ ਬਰਨਾਲਾ ਦੀ ਜੱਜ ਬਣੀ ਧੀਆਂ ਨੂੰ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪੁੱਜੀਆਂ ਅੰਜਲੀ ਕੌਰ ਅਤੇ ਕਿਰਨਦੀਪ ਕੌਰ ਨੂੰ ਉਨ੍ਹਾਂ ਦੀ ਉਪਲੱਬਧੀ ਲਈ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੋਵੇਂ ਲੜਕੀਆਂ ਨੇ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਅੰਜਲੀ ਅਤੇ ਕਿਰਨਦੀਪ ਨੇ ਦੱਸਿਆ ਕਿ ਉਨ੍ਹਾਂ ਜੁਡੀਸੀਅ ਦੇ ਪੇਪਰ ਦੀ ਤਿਆਰੀ ਕਰਦਿਆਂ ਕੋਚਿੰਗ ਦੇ ਨਾਲ ਨਾਲ ਆਪ ਵੀ ਤਿਆਰੀ ਕੀਤੀ। ਉਨ੍ਹਾਂ ਕਿਹਾ ਕਿ ਜੇ ਕਰ ਲਗਨ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਉਸ ਦੇ ਸਾਰਥਕ ਨਤੀਜੇ ਮਿਲਦੇ ਹਨ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਅੰਜਲੀ ਅਤੇ ਕਿਰਨਦੀਪ ਨੂੰ ਜ਼ਿਲ੍ਹਾ ਰੁਜ਼ਗਾਰ ਬਿਊਰੋ ਨਾਲ ਜੁੜੇ ਨੌਜਵਾਨਾਂ ਦੇ ਵੀ ਰੂਬਰੂ ਕਾਰਵਾਈਆ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਨਿਆਂ ਪਾਲਿਕਾ ‘ਚ ਨੌਕਰੀ ਅਤੇ ਕੈਰੀਅਰ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਹੋ ਸਕੇ। ਡਿਪਟੀ ਕਮਿਸ਼ਨਰ ਨੇ ਦੋਵੇਂ ਲੜਕੀਆਂ ਦੇ ਮਾਤਾ ਪਿਤਾ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਹੋਰ ਮਾਤਾ ਪਿਤਾ ਵੀ ਇਨ੍ਹਾਂ ਤੋਂ ਸੇਧ ਲੈ ਕੇ ਆਪਣੀਆਂ ਧੀਆਂ ਨੂੰ ਪੜ੍ਹਾਉਣ ਲਿਖਾਉਣ। ਇਸ ਮੌਕੇ ਉੱਪ ਮੰਡਲ ਮੈਜਿਸਟਰੇਟ ਬਰਨਾਲਾ ਗੋਪਾਲ ਸਿੰਘ ਅਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਮੇਘਾ ਮਾਨ ਵੀ ਮੌਜੂਦ ਸਨ।