- ਦਾਨੀ ਸਜਣਾ ਨੂੰ ਗਉਸ਼ਾਲਾ ਵਿਖੇ ਵੱਧ ਤੋਂ ਵੱਧ ਸੇਵਾ ਦੇਣ ਦੀ ਕੀਤੀ ਅਪੀਲ
ਫਾਜ਼ਿਲਕਾ, 7 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਨਮ ਆਸ਼ਟਮੀ ਦੇ ਪਵਿਤਰ ਤਿਉਹਾਰ ਮੌਕੇ ਪਿੰਡ ਸਲੇਮਸ਼ਾਹ ਵਿਖੇ ਸਥਿਤ ਸਰਕਾਰੀ ਗਉਸ਼ਾਲਾ ਵਿਖੇ ਪਹੁੰਚ ਕੇ ਸਵਾ ਮਨੀ ਕਰਵਾਈ ਅਤੇ ਆਪਣੀ ਹੱਥੀ ਗੳਵੰਸ਼ ਨੂੰ ਲਡੂ ਖਵਾਏ।ਇਸ ਮੌਕੇ ਉਨ੍ਹਾਂ ਗਉਸ਼ਾਲਾ ਵਿਖੇ ਮੌਜੂਦ ਗਊਵੰਸ਼ ਦਾ ਹਾਲ—ਚਾਲ ਜਾਣਿਆ ਅਤੇ ਗਉਸ਼ਾਲਾ ਦੇ ਸਟਾਫ ਨੂੰ ਹਦਾਇਤ ਕੀਤੀ ਕਿ ਗਉਵੰਸ਼ ਦੇ ਰੱਖ—ਰਖਾਵ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਆਪਣੇ ਸਮਾਜ ਵਿਚ ਗਉ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਤੇ ਇਸਦੀ ਸੇਵਾ ਅਤੇ ਸੰਭਾਲ ਕਰਨਾ ਸਾਡਾ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਤਿਉਹਾਰ ਮੌਕੇ ਗਉਆਂ ਦੀ ਸੇਵਾ ਕਰਨ ਦਾ ਉਨ੍ਹਾ ਨੂੰ ਮੌਕਾ ਮਿਲਿਆ ਜਿਸ ਲਈ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰਾਂ ਦੇ ਨਾਲ—ਨਾਲ ਦਾਨੀ ਸਜਣਾ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਇਸ ਤਿਉਹਾਰ ਦੇ ਸਨਮੁੱਖ ਵੱਧ ਤੋਂ ਵੱਧ ਗਉਸ਼ਾਲਾ ਨੁੰ ਸੇਵਾ ਅਰਪਣੀ ਕੀਤੀ ਜਾਵੇ ਜਿਸ ਦੇ ਸਦਕਾ 23 ਦੇ ਕਰੀਬ ਲੋਕਾਂ ਵੱਲੋਂ ਸਵਾ ਮਨੀ ਕਰਵਾਈ ਗਈ। ਉਨ੍ਹਾਂ ਗਉਸ਼ਾਲਾ ਵਿਖੇ ਦਿੱਤੀ ਗਈ ਸੇਵਾ ਦੇ ਮੱਦੇਨਜਰ ਦਾਨੀ ਸਜਣਾ ਦਾ ਧੰਨਵਾਦ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਗਉਸ਼ਾਲਾ ਦਾ ਦੌਰਾ ਕਰਦਿਆਂ ਸਬੰਧਤ ਸਟਾਫ ਨੂੰ ਹਦਾਇਤ ਕੀਤੀ ਕਿ ਗਉਸ਼ਾਲਾ ਵਿਖੇ ਹੋਣ ਵਾਲੇ ਕਾਰਜਾਂ ਨੂੰ ਜਲਦ ਤੋਂ ਜਲਦ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਗਉਵੰਸ਼ ਨੂੰ ਪੂਰੀ ਮਾਤਰਾ ਵਿਚ ਹਰਾ—ਚਾਰਾ, ਤੂੜੀ ਆਦਿ ਖੁਰਾਕ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਸ਼ੂ ਬਿਮਾਰ ਹੈ ਤਾਂ ਉਸਨੂੰ ਵੱਖਰੇ ਸ਼ੈਡ ਵਿਚ ਸ਼ਿਫਟ ਕਰਕੇ ਉਸਦਾ ਇਲਾਜ ਕਰਵਾਇਆ ਜਾਵੇ ਤਾਂ ਜ਼ੋ ਹੋਰ ਪਸ਼ੂ ਬਿਮਾਰ ਨਾ ਹੋਣ। ਇਸ ਤੋਂ ਇਲਾਵਾ ਗਉਸ਼ਾਲਾ ਵਿਖੇ ਹੋਣ ਵਾਲੇ ਕੰਮਾਂ ਨੂੰ ਮਗਨਰੇਗਾ ਵਰਕਰਾਂ ਦੀ ਮਦਦ ਨਾਲ ਜਲਦ ਤੋਂ ਜਲਦ ਨੇਪਰੇ ਚਾੜਿਆ ਜਾਵੇ। ਇਸ ਮੌਕੇ ਐਸ.ਡੀ.ਓ ਪੰਚਾਇਤੀ ਵਿਭਾਗ ਮਨਪ੍ਰੀਤ ਸਿੰਘ, ਪੰਚਾਇਤ ਸਕੱਤਰ ਰੋਸ਼ਨ ਲਾਲ, ਨਗਰ ਕੌਂਸਲ ਪ੍ਰਧਾਨ ਸ੍ਰੀ ਸੁਰਿੰਦਰ ਸਚਦੇਵਾ, ਕੈਟਲ ਪੌਂਡ ਮੈਂਬਰ ਦਿਨੇਸ਼ ਕੁਮਾਰ ਮੋਦੀ, ਸµਜੀਵ ਕੁਮਾਰ, ਨਰੇਸ਼ ਕੁਮਾਰ ਚਾਵਲਾ, ਅਸ਼ੋਕ ਜੈਰਥ, ਜਗਦੀਸ਼ ਬਜਾਜ, ਅਸ਼ਵਨੀ ਕੁਮਾਰ, ਭਜਨ ਲਾਲ, ਵੈਟਨਰੀ ਅਫਸਰ ਸਾਹਿਲ ਸੇਤੀਆ, ਸੋਨੂ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਸਜਨ ਮੌਜੂਦ ਸਨ।