- ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
- ਅਧਿਕਾਰੀਆਂ ਨੂੰ ਟੁੱਟੀਆਂ ਸੜਕਾਂ ਤੇ ਗੱਟੀ ਰਾਜੋ ਕੇ ਪੁੱਲ ਦੇ ਨਾਲ ਬੰਨ ਨੂੰ ਮਜ਼ਬੂਤ ਕਰਨ ਦੀ ਹਦਾਇਤ
- ਐਨਜੀਓ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸੇਵਾ ਲਈ ਨਿਭਾਈ ਜਾ ਰਹੇ ਯੋਗਦਾਨ ਦੀ ਭਰਪੂਰ ਸਰਹਾਣਾ ਕੀਤੀ
ਫ਼ਿਰੋਜ਼ਪੁਰ, 15 ਜੁਲਾਈ : ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਅਤੇ ਐਸਐਸਪੀ ਭੁਪਿੰਦਰ ਸਿੰਘ ਵਲੋਂ ਸਤਲੁਜ ਦੇ ਪਾਣੀ ਤੋਂ ਪ੍ਰਭਾਵਿਤ ਸਰਹੱਦੀ ਪਿੰਡਾਂ ਗੱਟੀ ਰਾਜੋ ਕੇ, ਟੇਂਡੀ ਵਾਲਾ, ਭਖੜਾ, ਜੱਲੋ ਕੇ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦਾ ਦੌਰਾ ਕੀਤਾ ਗਿਆ| ਇਸ ਦੌਰਾਨ ਉਨ੍ਹਾਂ ਹਲਕੇ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਹਰ ਵਕਤ ਲੋਕਾਂ ਦੇ ਨਾਲ ਖੜੇ ਹਾਂ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਲੋਕਾਂ ਦੀ ਮੱਦਦ ਲਈ ਸੰਬੰਧਤ ਪਿੰਡਾਂ ਵਿੱਚ ਪਸ਼ੂਆਂ ਦੀ ਫੀਡ, ਸੁੱਕਾ ਰਾਸ਼ਨ, ਦਵਾਈਆਂ ਆਦਿ ਮੁਹਈਆਂ ਕਰਵਾਉਣ ਦੇ ਨਿਰਦੇਸ਼ ਦਿੱਤੇ| ਉਨ੍ਹਾਂ ਕਿਹਾ ਕਿ ਜਿਹੜੀਆਂ-ਜਿਹੜੀਆਂ ਸੜਕਾਂ ਦੀ ਰਿਪੇਅਰ ਕਰਵਾਉਣ ਦੀ ਲੋੜ ਹੈ ਉਸ ਲਈ ਸੰਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਐਕਸੀਅਨ ਡਰੇਨਜ ਨੂੰ ਆਦੇਸ਼ ਦਿੱਤੇ ਕਿ ਗੱਟੀ ਰਾਜੋ ਕੇ ਦੇ ਪੁਲ ਦੇ ਨਾਲ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪਾਣੀ ਆਸ-ਪਾਸ ਦੇ ਪਿੰਡਾਂ ਵੱਲ ਨਾ ਜਾਵੇ। ਇਸ ਮੌਕੇ ਉਨ੍ਹਾਂ ਨੇ ਐਨਜੀਓ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸੇਵਾ ਲਈ ਨਿਭਾਈ ਜਾ ਰਹੇ ਯੋਗਦਾਨ ਦੀ ਭਰਪੂਰ ਸਰਹਾਣਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਬੜਾ ਵੱਡਾ ਕਾਰਜ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਹੜ੍ਹ ਦੇ ਪਾਣੀ ਦਾ ਸਤਰ ਹੇਠਾਂ ਆਉਣਾ ਸ਼ੁਰੂ ਹੋ ਗਿਆ ਹੈ ਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਜਿਸ ਕਿਸੇ ਨੂੰ ਜੋ ਵੀ ਮਦਦ ਦੀ ਲੋੜ ਹੋਵੇਗੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।