ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਨੇ ਉਤਸ਼ਾਹ ਨਾਲ ਮਨਾਇਆ 'ਭਾਰਤੀ ਅਖ਼ਬਾਰ ਦਿਵਸ'

ਸ੍ਰੀ ਫ਼ਤਹਿਗੜ੍ਹ ਸਾਹਿਬ, 29 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਭਾਰਤੀ ਅਖ਼ਬਾਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਐਕਸਟੈਂਪੋਰ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਿਦਿਆਰਥੀਆਂ ਨੇ ਭਾਰਤ ਦੇ ਪਹਿਲੇ ਅਖ਼ਬਾਰ 'ਬੰਗਾਲ ਗਜ਼ਟ' ਅਤੇ ਸਮਾਜ ਵਿੱਚ ਅਖਬਾਰਾਂ ਦੀ ਉਸਾਰੂ ਭੂਮਿਕਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕਾਲਜ ਅਤੇ ਵਿਭਾਗ ਦੇ ਯੂਟਿਊਬ ਚੈਨਲਾਂ 'ਤੇ ਦੋ ਵਿਸ਼ੇਸ਼ ਇੰਟਰਵਿਊ ਪ੍ਰੋਗਰਾਮ ਵੀ ਅਪਲੋਡ ਕੀਤੇ ਗਏ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਪੱਤਰਕਾਰੀ ਵਿਭਾਗ ਦੇ ਇਸ ਉਸਾਰੂ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸੂਚਨਾ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਸੂਚਨਾ ਦਾ ਸਹੀ ਪ੍ਰਚਾਰ-ਪ੍ਰਸਾਰ ਕਰਨ, ਪੱਤਰਕਾਰੀ ਦੀਆਂ ਨੈਤਿਕ ਕਦਰਾਂ ਕੀਮਤਾਂ ਬਣਾਈ ਰੱਖਣ ਅਤੇ ਵਿਕਾਸ ਦੇ ਮੁੱਖ ਮਸਲਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਖ਼ਬਾਰਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ। ਪੱਤਰਕਾਰੀ ਵਿਭਾਗ ਦੇ ਮੁਖੀ ਪ੍ਰੋ. ਹਰਗੁਣਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਲਈ ਅਕਸਰ ਅਜਿਹੇ ਵਿਹਾਰਕ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਵਿਭਾਗ ਤੋਂ ਪੜ੍ਹੇ ਵਿਦਿਆਰਥੀ ਅੱਜ ਨਾਮਵਰ ਅਖ਼ਬਾਰਾਂ ਅਤੇ ਪੱਤਰਕਾਰੀ ਦੇ ਵੱਖ-ਵੱਖ ਖੇਤਰਾਂ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਸਮਾਗਮ ਦੇ ਕੋਆਰਡੀਨੇਟਰ ਪ੍ਰੋ. ਹਰਪ੍ਰੀਤ ਕੌਰ ਪਬਰੀ ਨੇ ਦੱਸਿਆ ਕਿ ਅਖ਼ਬਾਰਾਂ ਦਾ ਮੁੱਖ ਮੰਤਵ ਬੇਆਵਾਜ਼ ਲੋਕਾਂ ਦੀ ਆਵਾਜ਼ ਬਣਨਾ ਅਤੇ ਲੋਕਾਂ ਤੱਕ ਸੱਚ ਪਹੁੰਚਾਉਣਾ ਹੈ ਜਿਸ ਲਈ ਮਿਆਰੀ ਪੱਤਰਕਾਰੀ ਨੂੰ ਅਭਿਆਸ ਵਿੱਚ ਅਪਣਾਉਣ ਦੀ ਲੋੜ ਹੈ। ਇਸ ਮੁਕਾਬਲੇ ਵਿੱਚ ਐੱਮ.ਏ.ਜੇ.ਐੱਮ.ਸੀ. ਭਾਗ ਦੂਸਰਾ ਦੇ ਰਮਨਜੋਤ ਸਿੰਘ ਅਤੇ ਗੁਰਿੰਦਰਪਾਲ ਸਿੰਘ, ਐੱਮ.ਏ.ਜੇ.ਐੱਮ.ਸੀ. ਭਾਗ ਪਹਿਲਾ ਦੇ ਸਾਹਿਬਪ੍ਰੀਤ ਸਿੰਘ ਅਤੇ ਭਵਨੀਤ ਕੌਰ, ਬੀ.ਏ.ਜੇ.ਐੱਮ.ਸੀ. ਭਾਗ ਤੀਸਰਾ ਦੀਆਂ ਵਿਦਿਆਰਥਣਾਂ ਸੰਦੀਪ ਕੌਰ, ਗਗਨਦੀਪ ਕੌਰ ਅਤੇ ਜਸ਼ਨਪ੍ਰੀਤ ਕੌਰ, ਬੀ.ਏ.ਜੇ.ਐਮ.ਸੀ. ਭਾਗ ਦੂਸਰਾ ਦੇ ਜਸ਼ਨਪ੍ਰੀਤ ਸਿੰਘ, ਬੀ.ਏ.ਜੇ.ਐਮ.ਸੀ. ਭਾਗ ਪਹਿਲਾ ਦੀ ਹਰਨੀਤ ਕੌਰ ਅਤੇ ਰਾਜਵੀਰ ਸਿੰਘ ਨੇ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਐਮ.ਏ.ਜੇ.ਐਮ.ਸੀ. ਭਾਗ ਪਹਿਲਾ ਦੀ ਅਕਾਂਸ਼ਾ ਕੰਸਲ ਨੇ ਬਾਖੂਬੀ ਨਿਭਾਈ। ਇਸ ਮੌਕੇ ਪੱਤਰਕਾਰੀ ਵਿਭਾਗ ਦੇ ਪ੍ਰੋ. ਭਗਵੰਤ ਸਿੰਘ, ਪ੍ਰੋ. ਲਵਨੀਤ ਵਸ਼ਿਸ਼ਠ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਨਾਦਿਸ਼ ਅਤੇ ਵਿਦਿਆਰਥੀ ਹਾਜ਼ਰ ਸਨ।