ਮਾਮਲਾ ਡੀ ਐਸ ਪੀ, ਐਸ ਆਈ ਤੇ ਪੰਚ-ਸਰਪੰਚ ਖਿਲਾਫ਼ ਦਰਜ ਮੁਕੱਦਮੇ ਦਾ ਤਫਤੀਸ਼ ਰਿਪੋਰਟ ਪੇਸ਼ ਨਾਂ ਕਰਨ ਦਾ!
ਜਗਰਾਉਂ 22 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ) : ਅਨੁਸੂਚਿਤ ਜਾਤੀ ਦੀ ਮਾਂ-ਧੀ ਨੂੰ ਨਜ਼ਾਇਜ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕਰਨ ਅਤੇ ਕਰੰਟ ਲਗਾ ਕੇ ਮੌਤ ਦੇ ਮੂੰਹ 'ਚ ਧੱਕਣ ਸਬੰਧੀ ਦਰਜ ਮੁਕੱਦਮੇ ਦੇ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ, ਅੈਸਆਈ ਰਾਜਵੀਰ, ਹਰਜੀਤ ਸਰਪੰਚ ਤੇ ਪੰਚ ਧਿਆਨ ਸਿੰਘ ਦੀ ਗ੍ਰਿਫਤਾਰੀ ਲਈ ਪਿਛਲੇ 9 ਮਹੀਨਿਆਂ ਤੋਂ ਥਾਣਾ ਸਿਟੀ ਜਗਰਾਉਂ ਮੂਹਰੇ ਧਰਨਾ ਲਗਾਈ ਬੈਠੀਆਂ ਧਰਨਾਕਾਰੀ ਜੱਥੇਬੰਦੀਆਂ ਦਾ ਇੱਕ ਸਾਂਝਾ ਵਫਦ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਜਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਇਲਾਕਾ ਸਕੱਤਰ ਨਿਰਮਲ ਰਸੂਲਪੁਰ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜ਼ਿ) ਦੇ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ 'ਚ ਏਡੀਜੀਪੀ ਅੈਲ.ਕੇ. ਯਾਦਵ ਨੂੰ ਮਿਲਿਆ। ਮੀਟਿੰਗ ਉਪਰੰਤ ਜਾਰੀ ਪ੍ਰੈਸ ਨੋਟ 'ਚ ਆਗੂਆਂ ਨੇ ਦੱਸਿਆ ਕਿ ਦੋਸ਼ੀ ਗੁਰਿੰਦਰ ਬੱਲ ਤੇ ਹੋਰਨਾਂ ਦੇ ਜ਼ੁਲਮਾਂ ਕਾਰਨ ਮੌਤ ਦੇ ਮੂੰਹ 'ਚ ਜਾ ਪਈ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਪਰਿਵਾਰ ਨੂੰ ਮੁਆਵਜ਼ੇ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੀੜ੍ਹਤ ਪਰਿਵਾਰ ਅਤੇ ਜਮਹੂਰੀ ਜੱਥੇਬੰਦੀਆਂ ਦੇ ਵਰਕਰ 23 ਮਾਰਚ ਤੋਂ ਧਰਨੇ 'ਤੇ ਬੈਠੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 2 ਧਰਨਾਕਾਰੀ ਸ਼ਹੀਦ ਹੋ ਚੁੱਕੇ ਹਨ ਅਤੇ 2 ਧਰਨਾਕਾਰੀ ਹਸਪਤਾਲ ਦਾਖਲ਼ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਤੇ ਖੁਦ ਪੀੜ੍ਹਤਾ 75 ਸਾਲਾ ਸੁਰਿੰਦਰ ਕੌਰ ਰਸੂਲਪੁਰ ਨੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਖੂਨ ਨਾਲ ਖ਼ਤ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕਰੀਬ 9 ਮਹੀਨੇ ਤੋਂ ਸਥਾਨਕ ਥਾਣਾ ਸਿਟੀ ਮੂਹਰੇ ਧਰਨਾ ਲਗਾਈ ਬੈਠੇ ਪੀੜ੍ਹਤ ਪਰਿਵਾਰ ਅਤੇ ਧਰਨਾਕਾਰੀਆਂ ਨੇ ਆਪਣੀ ਅਵਾਜ਼ ਉੱਚ ਅਧਿਕਾਰੀਆਂ ਤੱਕ ਪੁੱਜਦੀ ਕਰਨ ਲਈ ਹੀ ਇਹ ਕਦਮ ਉਠਾਇਆ ਹੈ। ਆਗੂਆਂ ਨੇ ਦੱਸਿਆ ਕਿ ਅੈਲ.ਕੇ.ਯਾਦਵ ਨੇ ਭਰੋਸਾ ਦਿੱਤਾ ਕਿ ਜਲ਼ਦੀ ਹੀ ਮਾਮਲੇ ਦਾ ਨਿਪਟਾਰਾ ਕਰਨਗੇ ਅਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣਗੇ। ਦੱਸਣਯੋਗ ਹੈ ਕਿ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਅਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ 14 ਜੁਲਾਈ 2005 ਦੀ ਰਾਤ ਨੂੰ ਦੋਸ਼ੀ ਡੀਅੈਸਪੀ ਤੇ ਅੈਸਆਈ ਨੇ ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਤੀਜੇ ਦਰਜੇ ਦਾ ਅੱਤਿਆਚਾਰ ਕੀਤਾ ਸੀ ਤੇ ਕੁਲਵੰਤ ਕੌਰ ਨੂੰ ਬਿਜਲੀ ਦਾ ਕਰੰਟ ਲਗਾਇਆ ਸੀ। ਕਰੰਟ ਲਗਾਉਣ ਨਾਲ ਕੁਲਵੰਤ ਕੌਰ ਕਰੀਬ 13 ਸਾਲ ਸਰੀਰਕ ਤੌਰ 'ਤੇ ਨਕਾਰਾ ਰਹਿਣ ਤੋਂ ਬਾਦ 10 ਦਸੰਬਰ 2022 ਨੂੰ ਰੁਖ਼ਸਤ ਹੋ ਗਈ ਸੀ ਅਤੇ ਦੂਜੇ ਦਿਨ ਜਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਦੇ ਹੁਕਮਾਂ 'ਤੇ ਪੁਲਿਸ ਨੇ ਗੈਰ-ਜਮਾਨਤੀ ਧਰਾਵਾਂ ਅਧੀਨ ਡੀਅੈਸਪੀ ਗੁਰਿੰਦਰ ਬੱਲ, ਅੈਸਆਈ ਰਾਜਵੀਰ ਤੇ ਪੰਚ ਧਿਆਨ ਸਿੰਘ ਤੇ ਹਰਜੀਤ ਸਰਪੰਚ ਖਿਲਾਫ਼ ਦਰਜ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਤੱਤਕਾਲੀ ਜਿਲ੍ਹਾ ਪੁਲਿਸ ਮੁਖੀ ਕੇਤਨ ਪਾਟਿਲ ਬਾਲੀ ਰਾਮ ਨੇ 29 ਜਨਵਰੀ 2022 ਨੂੰ ਡੀਜੀਪੀ ਨੂੰ ਲਿਖੇ ਪੱਤਰ ਵਿੱਚ ਇੱਕ ਪਾਸੇ ਡੀਅੈਸਪੀ ਬੱਲ ਖਿਲਾਫ਼ ਦਰਜ ਕੀਤੇ ਇਸ ਮਾਮਲੇ ਨੂੰ ਘਿਓਣਾ ਤੇ ਸੰਵੇਦਨਸ਼ੀਲ ਕਰਾਰ ਦਿੱਤਾ ਹੈ ਪਰ ਦੂਜੇ ਪਾਸੇ ਮਾਂ-ਧੀ 'ਤੇ ਅੱਤਿਆਚਾਰਾਂ ਦੇ ਮੁੱਖ ਦੋਸ਼ੀਆਂ ਨੂੰ ਬਚਾਉਣ ਲਈ ਕਈ ਪੁਲਿਸ ਅਧਿਕਾਰੀ ਸਾਜਿਸ਼ ਰਚ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਪੁਲਿਸ ਅਧਿਕਾਰੀ ਸਾਜਿਸ਼ ਤਹਿਤ ਦਰਜ ਮੁਕੱਦਮੇ ਨੂੰ ਰੱਦ ਵੀ ਕਰ ਦੇਵੇ ਤਾਂ ਵੀ ਮੁਕੱਦਮਾ ਅਦਾਲਤ ਵਿੱਚ ਝੂਠਾ ਸਾਬਤ ਨਹੀਂ ਹੋ ਸਕਦਾ ਕਿਉਂਕਿ ਸਾਲ 2005 'ਚ ਮੌਕੇ 'ਤੇ ਹੀ ਪਿੰਡ ਰਸੂਲਪੁਰ ਦੇ ਸਰਪੰਚ ਭਗਵੰਤ ਸਿੰਘ ਨੇ ਪੀੜ੍ਹਤਾ ਕੁਲਵੰਤ ਕੌਰ ਦਾ ਮੈਡੀਕਲ ਕਰਵਾ ਕੇ ਬਕਾਇਦਾ ਸ਼ਿਕਾਇਤ ਦਰਜ ਕਰਵਾਈ ਸੀ ਜੋ ਅੱਜ ਵੀ ਪੁਲਿਸ ਰਿਕਾਰਡ 'ਚ ਮੌਜੂਦ ਹੈ ਅਤੇ ਇਸ ਤੋਂ ਇਲਾਵਾ ਲੰਘੇ 17 ਵਰਿਆਂ 'ਚ ਦਾਇਰ ਕੀਤੀਆਂ ਹਜ਼ਾਰਾਂ ਸ਼ਿਕਾਇਤਾਂ ਜਗਰਾਉਂ ਤੋਂ ਲੈ ਕੇ ਦਿੱਲੀ ਦੇ ਦਫ਼ਤਰਾਂ 'ਚ ਸਿਰਫ਼ ਰੱਦੀ ਦੇ ਕਾਗਜ਼ ਬਣੀਆਂ ਪਈਆਂ ਹਨ। ਕਾਬਲ਼ੇਗੌਰ ਹੈ ਕਿ ਲੰਘੀ13 ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਾਮਲੇ ਦੀ ਤਫਤੀਸ ਕਰਨ ਦੇ ਹੁਕਮ ਦਿੱਤੇ ਸਨ ਜੋ ਅੱਜ ਤੱਕ ਪੇਸ਼ ਨਹੀਂ ਕੀਤੀ ਗਈ। ਭਰੋਸੇਯੋਗ ਸੂਤਰਾਂ ਅਨੁਸਾਰ ਤਫਤੀਸ਼ੀ ਅਧਿਕਾਰੀ ਏਆਈਜੀ/ਕਰਾਇਮ ਜੋਨ ਜਲੰਧਰ ਨੇ ਰਿਪੋਰਟ ਡੀਜੀਪੀ ਪੰਜਾਬ ਨੂੰ ਭੇਜ ਦਿੱਤੀ ਸੀ ਪਰ ਡੀਜੀਪੀ ਦਫ਼ਤਰ 3 ਮਹੀਨੇ ਤੋਂ ਰਿਪੋਰਟ ਦੱਬੀ ਬੈਠਾ ਹੈ। ਇਸ ਸਮੇਂ ਗੁਰਚਰਨ ਸਿੰਘ ਰਸੂਲਪੁਰ, ਰਾਜਿੰਦਰ ਸਿੰਘ ਚਚਰਾੜੀ, ਦਰਸ਼ਨ ਸਿੰਘ ਧਾਲੀਵਾਲ, ਸਰਬਜੀਤ ਸਿੰਘ ਗਾਲਿਬ, ਮੱਘਰ ਸਿੰਘ, ਮੋਹਣ ਸਿੰਘ, ਬਿੱਕਰ ਸਿੰਘ ਆਦਿ ਹਾਜ਼ਰ ਸਨ।