
ਬਠਿੰਡਾ, 07 ਮਾਰਚ 2025 : ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਵੱਡੇ ਫੈਸਲੇ ਲੈਂਦਿਆਂ ਸਿੱਖ ਜਗਤ ਵਿੱਚ ਭੂਚਾਲ ਲਿਆ ਦਿੱਤਾ ਹੈ। ਦੱਸ ਦਈਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਕੁਲਦੀਪ ਸਿੰਘ ਗੜਗੱਜ ਨੂੰ ਕੇਸਗੜ੍ਹ ਸਾਹਿਬ ਦਾ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਹੈ। ਇਸ ਤੋਂ ਇਲਾਵਾ ਸੰਤ ਬਾਬਾ ਟੇਕ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਅੱਜ ਸਿੱਖ ਕੌਮ, ਪਂੰਥਕ ਸੰਸਥਾਵਾਂ ਅਤੇ ਸਾਰਿਆਂ ਲਈ ਅੱਜ ਕਾਲਾ ਦਿਨ ਹੈ, ਕਿਉਂਕਿ ਦੋ ਤਖ਼ਤਾਂ ਦੇ ਜੱਥਦਾਰ ਸਾਹਿਬਾਨ ਨੂੰ ਬਦਲ ਦਿੱਤਾ ਗਿਆ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਜੱਥੇਦਾਰ ਗਿਆਨੀ ਭਾਈ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਵੀ ਇਲਜ਼ਾਮ ਲਗਾਏ ਗਏ ਸਨ, ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਉਹ ਮਾੜੇ ਹੋ ਸਕਦੇ ਸਨ, ਪਰ ਅੱਜ ਦੋ ਤਖ਼ਤਾਂ ਦੇ ਜੱਥੇਦਾਰਾਂ ਨੂੰ ਤਬਦੀਲ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਜੱਥੇਦਾਰੀ ਤੋਂ ਪਾਸੇ ਕਰਨ ਦਾ ਮੁੱਖ ਕਾਰਨ ਸਿਰਫ ਤੇ ਸਿਰਫ 2 ਦਸੰਬਰ ਦਾ ਹੁਕਮਨਾਵਾਂ ਸੀ। ਉਨ੍ਹਾਂ ਕਿਹਾ ਕਿ ਇਸ ਲਈ ਅੱਜ ਦੇ ਦਿਨ ਨੂੰ ਉਹ ਸਿੱਖ ਇਤਿਹਾਸ ਦਾ ਕਾਲਾ ਦਿਨ ਆਖਦੇ ਹਨ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਇੱਕ ਘਟਨਾਂ ਦਾ ਉਲੇਖ ਮਿਲਦਾ ਹੈ, ਉਨ੍ਹਾਂ ਕਿਹਾ ਜਦੋਂ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੰਮੇ ਜੱਟਪੁਰਾ ਵਿਖੇ ਬੈਠੇ ਸਨ ਤਾਂ ਉਨ੍ਹਾਂ ਨੂੰ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦੀ ਖਬਰ ਮਿਲੀ ਸੀ ਤਾਂ ਉਨ੍ਹਾਂ ਨੇ ਇੱਕ ਸ਼ਬਦ ਕਿਹਾ ਸੀ ਕਿ ਅੱਜ ਮੁਗਲ ਰਾਜ ਦੀ ਜੜ੍ਹ ਪੁੱਟੀ ਗਈ ਹੈ। ਉਸੇ ਤਰ੍ਹਾਂ ਅੱਜ ਸੰਸਥਾਵਾਂ ਦਾ ਦੁਰਉਪਯੋਗ ਕਰਨ ਵਾਲਿਆਂ ਦੀ ਜੜ੍ਹ ਪੁੱਟੀ ਗਈ ਹੈ। ਜੋ ਅੱਜ ਫੈਸਲਾ ਆਇਆ ਹੈ, ਉਹ ਬਹੁਤ ਹੀ ਮੰਦਭਾਗਾ ਹੈ।