ਰਾਏਕੋਟ, 15 ਜਨਵਰੀ (ਚਮਕੌਰ ਸਿੰਘ ਦਿਓਲ) : ਨੇੜਲੇ ਪਿੰਡ ਤਾਜਪੁਰ ਵਿਖੇ ਇੱਕ ਵਿਆਹੁਤਾ ਦੀ ਭੇਦਭਰੇ ਹਲਾਤਾਂ ’ਚ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾ ਜਸਵਿੰਦਰ ਕੌਰ (30) ਦੀ ਮਾਂ ਨੇ ਮ੍ਰਿਤਕਾ ਦੇ ਪਤੀ, ਭੂਆ ਸੱਸ ਤੇ ਉਸਦੇ ਪੁੱਤਰ ਤੇ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਤੇ ਕਾਰਵਾਈ ਕਰਦਿਆਂ ਥਾਣਾ ਸਦਰ ਪੁਲਿਸ ਨੇ ਮ੍ਰਤਕਾ ਦੇ ਪਤੀ, ਭੂਆ ਸੱਸ ਤੇ ਉਸਦੇ ਪੁੱਤਰ ਤੇ ਮੁਕੱਦਮਾ ਦਰਜ ਕਰਕੇ, ਉਸਦੇ ਪਤੀ ਨੂੰ ਗ੍ਰਿਫਤਾਰ ਕਰਲਿਆ ਗਿਆ ਹੈ। ਮ੍ਰਿਤਕਾ ਜਸਵਿੰਦਰ ਕੌਰ ਦੀ ਮਾਂ ਅਮਰਜੀਤ ਕੌਰ ਵਾਸੀ ਬੱਦੋਵਾਲ ਨੇ ਥਾਣਾ ਸਦਰ ’ਚ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦੀ ਲੜਕੀ ਜਸਵਿੰਦਰ ਕੌਰ ਦਾ ਕਰੀਬ ਸਾਢੇ 7 ਸਾਲ ਪਹਿਲਾਂ ਸ਼ਰਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਾਜਪੁਰ ਨਾਲ ਵਿਆਹ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦੇ ਕੋਈ ਔਲਾਦ ਨਹੀਂ ਹੋਈ। ਜਸਵਿੰਦਰ ਕੌਰ ਅਤੇ ਉਸਦੇ ਪਤੀ ਸ਼ਰਨਜੀਤ ਸਿੰਘ ਨਾਲ ਆਪਣੀ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਅਤੇ ਉਸਦਾ ਪਤੀ ਉਸਦੀ ਧੀ ਜਸਵਿੰਦਰ ਕੌਰ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਮ੍ਰਿਤਕਾ ਦੀ ਮਾਂ ਅਮਰਜੀਤ ਕੌਰ ਨੇ ਦੱਸਿਆ ਕਿ ਉਸਦੀ ਧੀ ਜਸਵਿੰਦਰ ਕੌਰ ਨੂੰ ਮਿਰਗੀ ਦੇ ਦੌਰੇ ਵੀ ਪੈਣ ਲੱਗ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ 11 ਜਨਵਰੀ ਨੂੰ ਉਸਦੇ ਜਵਾਈ ਸ਼ਰਨਜੀਤ ਸਿੰਘ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਜਸਵਿੰਦਰ ਕੌਰ ਨੂੰ ਮਿਰਗੀ ਦਾ ਦੌਰਾ ਪੈਣ ਕਰਕੇ ਉਹ ਬਾਥਰੂਮ ਵਿੱਚ ਡਿੱਗ ਗਈ ਹੈ। ਜਦੋਂ ਉਹ ਰਿਸ਼ਤੇਦਾਰਾਂ ਅਤੇ ਪੰਚਾਇਤ ਨੂੰ ਨਾਲ ਲੈ ਕੇ ਲੜਕੀ ਦੇ ਘਰ ਪਹੁੰਚੀ ਤਾਂ ਉਸਦੀ ਲੜਕੀ ਜਸਵਿੰਦਰ ਕੌਰ ਦੇ ਮੂੰਹ ਅਤੇ ਨੱਕ ’ਚੋ ਝੱਗ ਨਿਕਲ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸਨੂੰ ਸ਼ੱਕ ਹੋਈ ਕਿ ਉਸਦੀ ਧੀ ਨੂੰ ਕੋਈ ਜਹਿਰੀਲੀ ਦਵਾਈ ਦਿੱਤੀ ਗਈ ਹੈ। ਗੰਭੀਰ ਹਾਲਤ ਵਿਚ ਉਸ ਨੂੰ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਸ਼ੁੱਕਰਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ। ਇਸ ਸਬੰਧੀ ਮਿ੍ਤਕਾ ਦੀ ਮਾਂ ਨੇ ਆਪਣੇ ਜਵਾਈ ਸ਼ਰਨਜੀਤ ਸਿੰਘ, ਭੂਆ ਸੱਸ ਹਰਜਿੰਦਰ ਕੌਰ ਅਤੇ ਉਸ ਦੇ ਪੁੱਤਰ ਹਰਮਨ ਸਿੰਘ ਉਪਰ ਆਪਣੀ ਲੜਕੀ ਨੂੰ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲਗਾਇਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਰਾਏਕੋਟ ਦੇ ਏਐੱਸਆਈ ਮਨੋਹਰ ਲਾਲ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਰਾਏਕੋਟ ਦੀ ਪੁੁਲਿਸ ਨੇ ਮਿ੍ਤਕਾ ਦੀ ਮਾਂ ਅਮਰਜੀਤ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਪਤੀ ਸ਼ਰਨਜੀਤ ਸਿੰਘ ਅਤੇ ਦੋ ਰਿਸ਼ਤੇਦਾਰਾਂ ਵਿਰੁੱਧ ਮੁੁਕੱਦਮਾ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰਦਿੱਤੀ ਗਈ ਹੈ ਅਤੇ ਮ੍ਰਿਤਕਾ ਜਸਵਿੰਦਰ ਕੌਰ ਦੇ ਪਤੀ ਕਥਿਤ ਦੋਸ਼ੀ ਸ਼ਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਤੇ ਉਨ੍ਹਾਂ ਨੂੰ ਦੋ ਦਿਨਾਂ ਦਾ ਪੁਲਿਸ ਰਿਮਾਂਡ ਮਿਲ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਰਿਸ਼ਤੇਦਾਰਾਂ ਦੀ ਭਾਲ ਜਾਰੀ ਹੈ।