- ਪ੍ਰਸ਼ਾਸਕੀ ਟੀਮਾਂ ਦੇ ਪੂਰੀ ਰਾਤ ਮੁਸਤੈਦ ਰਹਿਣ ਬਾਅਦ ਸਵੇਰੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤੁਰੰਤ ਕਾਰਵਾਈ ਦੀ ਸਮੀਖਿਆ ਲਈ ਉੱਚ-ਪੱਧਰੀ ਐਮਰਜੈਂਸੀ ਮੀਟਿੰਗ ਕੀਤੀ
- ਬਚਾਅ ਲਈ ਆਈਆਂ ਕਾਲਾਂ ਦਾ ਤੁਰੰਤ ਜਵਾਬ ਦੇਣ, ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਤੇਜ਼ ਕਰਨ, ਨੀਵੇਂ ਦੂਰ-ਦੁਰਾਡੇ ਦੇ ਅਤੇ ਪਾਣੀ ਦੀ ਸਮੱਸਿਆ ਨਾਲ ਜੂਝਦੀਆਂ ਗੈਰ ਯੋਜਨਾਬੱਧ ਕਲੋਨੀਆਂ ਦੀ ਤੁਰੰਤ ਸ਼ਨਾਖ਼ਤ ਕਰਨ ਦੇ ਆਦੇਸ਼
- ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਪ੍ਰਸ਼ਾਸਨਿਕ ਟੀਮ ਫੀਲਡ ਵਿੱਚ ਸਰਗਰਮ
- ਲੋਕਲ ਬਾਡੀਜ਼ ਅਤੇ ਪੰਚਾਇਤ ਵਿਭਾਗ ਨੂੰ ਕਾਰਵਾਈ ਤੇਜ਼ ਕਰਨ ਲਈ ਕਿਹਾ
- ਐਨ ਡੀ ਆਰ ਐਫ ਦੀਆਂ ਛੇ ਯੂਨਿਟਾਂ ਮੋਹਾਲੀ, ਡੇਰਾਬੱਸੀ ਤੇ ਹੋਰ ਇਲਾਕਿਆਂ ਲਈ ਬੁਲਾਇਆ
- ਘੱਗਰ ਦੇ ਟਿਵਾਣਾ ਬੰਨ੍ਹ ਅਤੇ ਹੋਰ ਅਜਿਹੇ ਖੇਤਰਾਂ ਵਿੱਚ ਬਚਾਅ ਕਾਰਜਾਂ ਲਈ ਤਾਇਨਾਤ
ਐਸ.ਏ.ਐਸ.ਨਗਰ, 9 ਜੁਲਾਈ : ਮੌਸਮ ਦੀ ਖਰਾਬੀ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ, ਇਹ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ, ਆਸ਼ਿਕਾ ਜੈਨ ਨੇ ਅੱਜ ਸੁਵੱਖਤੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ। ਪ੍ਰਸ਼ਾਸਨਿਕ ਟੀਮਾਂ ਵੱਲੋਂ ਰਾਤ ਭਰ ਚਲਾਏ ਜਾ ਰਹੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਤੋਂ ਬਾਅਦ, ਉਨ੍ਹਾਂ ਅੱਜ ਤੜਕੇ ਇੱਕ ਮੀਟਿੰਗ ਬੁਲਾਈ ਅਤੇ ਡੇਰਾਬੱਸੀ ਅਤੇ ਖਰੜ ਸਬ ਡਵੀਜ਼ਨਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੰਕਟ/ਬਚਾਅ ਕਾਲਾਂ ਦਾ ਤੁਰੰਤ ਜਵਾਬ ਦੇਣ ਲਈ ਕਿਹਾ। ਡਿਪਟੀ ਕਮਿਸ਼ਨਰ, ਜਿਨ੍ਹਾਂ ਨੇ ਐਤਵਾਰ ਸਵੇਰੇ ਤੜਕਸਾਰ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਰਾਹਤ ਕਾਰਜਾਂ ਅਤੇ ਪਾਣੀ ਦੀ ਨਿਕਾਸੀ ਗਤੀਵਿਧੀਆਂ ਦਾ ਜਾਇਜ਼ਾ ਲਿਆ, ਨੇ ਅਧਿਕਾਰੀਆਂ ਨੂੰ ਸੰਕਟ/ਬਚਾਅ ਕਾਲਾਂ ਤੇ ਤੁਰੰਤ ਕਾਰਵਾਈ ਕਰਨ ਅਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਨਿਕਾਸੀ ਨੂੰ ਤੇਜ਼ ਕਰਨ ਦੇ ਆਦੇਸ਼ ਦਿੱਤੇ। ਮੀਂਹ ਦੇ ਪਾਣੀ ਦੇ ਨਿਰਵਿਘਨ ਵਹਾਅ ਵਿੱਚ ਰੁਕਾਵਟਾਂ ਨੂੰ ਵੀ ਦੂਰ ਕਰ ਲਈ ਆਖਿਆ। ਉਨ੍ਹਾਂ ਨੇ ਸਥਾਨਕ ਸਰਕਾਰਾਂ ਅਤੇ ਪੰਚਾਇਤ ਵਿਭਾਗਾਂ ਨੂੰ ਕਿਹਾ ਕਿ ਉਹ ਨਾਜ਼ੁਕ ਪੁਆਇੰਟਾਂ 'ਤੇ ਤੁਰੰਤ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਪ੍ਰਸ਼ਾਸਨ ਤੋਂ ਬਹੁਤ ਆਸਾਂ ਹਨ, ਇਸ ਲਈ ਸਾਨੂੰ ਇਸ ਮੁਸ਼ਕਿਲ ਦੀ ਘੜੀ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਪ੍ਰਸ਼ਾਸਨਿਕ ਟੀਮ ਨੂੰ ਨੀਵੇਂ ਇਲਾਕਿਆਂ ਅਤੇ ਗੈਰ-ਯੋਜਨਾਬੱਧ ਕਾਲੋਨੀਆਂ ਦੀ ਤੁਰੰਤ ਪਛਾਣ ਕਰਨ ਲਈ ਕਿਹਾ ਜਿੱਥੇ ਪਾਣੀ ਦੀ ਨਿਕਾਸੀ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਐਮ ਸੀਜ਼ ਅਤੇ ਐਸ ਡੀ ਐਮਜ਼ ਨੂੰ ਸਬੰਧਤ ਜ਼ਿਲ੍ਹੇ, ਸਬ ਡਵੀਜ਼ਨਾਂ ਅਤੇ ਮਿਉਂਸਪਲ ਕੰਟਰੋਲ ਰੂਮਾਂ ਲਈ ਮੌਜੂਦਾ ਲੈਂਡਲਾਈਨਾਂ ਤੋਂ ਇਲਾਵਾ ਬਦਲਵੇਂ ਮੋਬਾਇਲ ਨੰਬਰਾਂ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਾਣੀ ਭਰਨ ਕਾਰਨ ਲੈਂਡਲਾਈਨ ਸੇਵਾਵਾਂ ਵਿੱਚ ਰੁਕਾਵਟ ਆ ਸਕਦੀ ਹੈ, ਇਸ ਲਈ ਸਾਨੂੰ ਹੋਰ ਸੰਚਾਰ ਯੋਜਨਾਵਾਂ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਵਿਅਕਤੀ ਤੋਂ ਕੋਈ ਪ੍ਰੇਸ਼ਾਨੀ ਦਾ ਕਾਲ ਆਉਂਦਾ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ। ਜ਼ਰੂਰੀ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਪਾਵਰ ਸਟੇਸ਼ਨਾਂ ਅਤੇ ਹੋਰ ਅਜਿਹੇ ਐਮਰਜੈਂਸੀ ਸੇਵਾ ਖੇਤਰਾਂ ਨੂੰ ਪਹਿਲ ਦੇ ਆਧਾਰ 'ਤੇ ਪਾਣੀ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ। ਪਿਛਲੇ 24 ਘੰਟਿਆਂ ਤੋਂ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਂ ਸਾਡੀ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਸਮਰਪਣ ਦੀ ਮੰਗ ਕਰਦਾ ਹੈ, ਇਸ ਲਈ ਸਾਨੂੰ ਸਥਿਤੀ ਦੇ ਕਾਬੂ ਹੇਠ ਆਉਣ ਤੱਕ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਡੇਰਾਬੱਸੀ ਸਬ ਡਵੀਜ਼ਨ ਵਿੱਚ ਘੱਗਰ ਅਤੇ ਸੁਖਨਾ ਚੋਅ ਦੇ ਵਹਾਅ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਾਂ ਅਤੇ ਪਿੰਡ ਟਿਵਾਣਾ ਦੇ ਨਾਜ਼ੁਕ ਪੁਆਇੰਟ ਵਿੱਚ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਮਾਨਵੀ ਸ਼ਕਤੀ ਸਮੇਤ ਬਹੁਤ ਸਾਰੇ ਰੇਤ ਦੇ ਬੈਗ ਮੌਜੂਦ ਹਨ। ਉਨ੍ਹਾਂ ਅੱਗੇ ਕਿਹਾ, “ਅਸੀਂ ਕਾਰਵਾਈ ਕਰਨ ਦੇ ਸਮੇਂ ਨੂੰ ਘਟਾਉਣ ਲਈ ਇਹਤਿਆਤ ਵਜੋਂ ਛੇ ਐਨ ਡੀ ਆਰ ਐਫ ਟੀਮਾਂ ਬਣਾ ਰਹੇ ਹਾਂ, ਜਿਨ੍ਹਾਂ ਨੂੰ ਮੋਹਾਲੀ ਅਤੇ ਹੋਰ ਸਬ ਡਵੀਜ਼ਨਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਚੋਂ ਇੱਕ ਟੀਮ ਨੂੰ ਘੱਗਰ ਦੇ ਬੰਨ੍ਹ ਦੇ ਟਿਵਾਣਾ ਪੁਆਇੰਟ ਉੱਤੇ ਤਾਇਨਾਤ ਕੀਤਾ ਜਾਵੇਗਾ। ਘੱਗਰ ਤੋਂ ਇਲਾਵਾ ਮੋਹਾਲੀ ਦੇ ਪਿੰਡ ਰੁੜਕਾ ਵਿਖੇ ਵੀ ਐਨ ਡੀ ਆਰ ਐਫ਼ ਟੀਮ ਵੱਲੋਂ ਬਚਾਅ ਕਾਰਜ ਕੀਤਾ ਗਿਆ ਗਿਆ ਹੈ।" ਉਨ੍ਹਾਂ ਅੱਗੇ ਕਿਹਾ, " ਹੰਗਾਮੀ ਹਾਲਤ ਵਿੱਚ ਬਚਾਅ ਕਾਰਜਾਂ ਲਈ ਬੱਸਾਂ ਦੀ ਤੁਰੰਤ ਵਰਤੋਂ ਲਈ ਬੱਸਾਂ ਨੂੰ ਹਰੇਕ ਸਬ ਡਵੀਜ਼ਨਲ ਹੈੱਡਕੁਆਰਟਰ ਵਿਖੇ ਠਹਿਰਾਇਆ ਗਿਆ ਹੈ ਅਤੇ ਤਿਆਰ ਰੱਖਿਆ ਗਿਆ ਹੈ।" ਇਸੇ ਤਰਾਂ ਮੈਡੀਕਲ ਟੀਮਾਂ, ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੂੰ ਪਹਿਲਾਂ ਹੀ ਤਿਆਰ ਰਹਿਣ ਲਈ ਕਿਹਾ ਗਿਆ ਹੈ।'' ਉਨ੍ਹਾਂ ਜ਼ਿਲ੍ਹੇ ਦੇ ਘੱਗਰ ਅਤੇ ਸੁਖਨਾ ਚੋਅ ਦੇ ਨਾਲ ਲੱਗਦੇ ਵਸਨੀਕਾਂ ਨੂੰ ਪਾਣੀ ਦੇ ਵਧਦੇ ਵਹਾਅ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਅਪੀਲ ਕੀਤੀ। ਬਾਅਦ ਵਿੱਚ ਡੀ ਸੀ ਆਸ਼ਿਕਾ ਜੈਨ ਨੇ ਖਰੜ ਅਤੇ ਡੇਰਾਬੱਸੀ ਸਬ ਡਵੀਜ਼ਨਾਂ ਦਾ ਵੀ ਦੌਰਾ ਕੀਤਾ ਅਤੇ ਬਚਾਅ ਗਤੀਵਿਧੀਆਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਏ ਡੀ ਸੀਜ਼ ਦਮਨਜੀਤ ਸਿੰਘ ਮਾਨ, ਪਰਮਦੀਪ ਸਿੰਘ, ਅਮਿਤ ਕੁਮਾਰ ਬੈਂਬੀ , ਐਸ ਡੀ ਐਮਜ਼ ਹਿਮਾਂਸ਼ੂ ਗੁਪਤਾ ਡੇਰਾਬੱਸੀ, ਰਵਿੰਦਰ ਸਿੰਘ ਖਰੜ ਅਤੇ ਸਰਬਜੀਤ ਕੌਰ ਮੁਹਾਲੀ ਸਮੇਤ ਡੀ ਆਰ ਓ ਗੁਰਜਿੰਦਰ ਸਿੰਘ ਬੈਨੀਪਾਲ ਅਤੇ ਐਕਸੀਅਨ ਡਰੇਨੇਜ ਰਜਤ ਗਰੋਵਰ ਵੀ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਫੀਲਡ ਵਿੱਚ ਡਟੇ ਰਹੇ। ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ ਅਤੇ ਬੀ ਡੀ ਪੀ ਓਜ਼ ਵੀ ਕਲ੍ਹ ਤੋਂ ਹੀ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ। ਡੀ ਸੀ ਆਸ਼ਿਕਾ ਜੈਨ ਨੇ ਅੱਗੇ ਕਿਹਾ, "ਸਾਡੇ ਕੋਲ ਲੋੜੀਂਦੀ ਗਿਣਤੀ ਵਿੱਚ ਕਿਸ਼ਤੀਆਂ ਅਤੇ ਹੋਰ ਬਚਾਅ ਸਮੱਗਰੀ ਜਿਵੇਂ ਸੁੱਕਾ ਰਾਸ਼ਨ, ਦਵਾਈਆਂ, ਬਾਲਣ ਆਦਿ ਮੌਜੂਦ ਹਨ ਅਤੇ ਅਸੀਂ ਲਗਭਗ ਸਾਰੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਲੈ ਰਹੇ ਹਾਂ।" ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਤੋਂ ਮੌਜੂਦ ਲੈਂਡਲਾਈਨਾਂ-ਮੋਹਾਲੀ-0172-2219505, ਡੇਰਾਬੱਸੀ-01762-283224, ਖਰੜ-0160-2280853 ਤੋਂ ਇਲਾਵਾ ਮੋਬਾਈਲ ਹੈਲਪਲਾਈਨ ਵੀ ਜਾਰੀ ਕੀਤੀਆਂ ਹਨ। ਲੈਂਡਲਾਈਨ ਦੇ ਕੰਮ ਨਾ ਕਰਨ ਦੀ ਸਥਿਤੀ ਵਿੱਚ, ਕੋਈ ਵੀ ਮੋਬਾਈਲ ਨੰਬਰ, ਮੋਹਾਲੀ - 76580-51209, 73476-61642, ਖਰੜ-94642-34000 ਅਤੇ ਡੇਰਾਬੱਸੀ - 98550-25466, 79733-60184 ਡਾਇਲ ਕਰ ਸਕਦਾ ਹੈ।