
- ਪਟਿਆਲਾ ਦਾ ਮਾਣ ਤੇ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸ੍ਰੋਤ ਹੈ ਪਟਿਆਲਾ ਸਕੂਲ ਫਾਰ ਡੈਫ਼ ਐਂਡ ਬਲਾਇੰਡ ਦੀ ਵਿਦਿਆਰਥਣ ਮਿਲਨਮੀਤ ਕੌਰ-ਡਾ. ਪ੍ਰੀਤੀ ਯਾਦਵ
ਪਟਿਆਲਾ, 16 ਦਸੰਬਰ 2024 : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ 10ਵੀਂ ਏਸ਼ੀਆ ਪੈਸੇਫਿਕ ਗੇਮਜ਼ ਫਾਰ ਡੈਫ਼, ਜੋਕਿ ਮਲੇਸ਼ੀਆ ਦੇ ਕੁਆਲਾਲਮਪੁਰ ਵਿਖੇ ਹੋਈਆਂ ਸਨ, ਵਿੱਚ ਜੂਡੋ ਖੇਡ ਵਿੱਚ ਸੋਨ ਤੇ ਕਾਂਸੀ ਤਗ਼ਮਾ ਜੇਤੂ ਪਟਿਆਲਾ ਸਕੂਲ ਫਾਰ ਡੈਫ਼ ਐਂਡ ਬਲਾਇੰਡ ਦੀ ਵਿਦਿਆਰਥਣ ਮਿਲਨਮੀਤ ਕੌਰ ਦਾ ਸਨਮਾਨ ਕੀਤਾ।
ਮਿਲਨਮੀਤ ਕੌਰ ਨੂੰ ਪਟਿਆਲਾ ਦਾ ਮਾਣ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਉਸਦੇ ਮਾਪਿਆਂ ਬਲਵਿੰਦਰ ਕੌਰ ਤੇ ਦਿਲਬਾਗ ਸਿੰਘ ਸਮੇਤ ਸਕੂਲ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਿਦਿਆਰਥਣ ਨੇ ਕੌਮਾਂਤਰੀ ਖੇਡ ਮੈਦਾਨ ਵਿੱਚ ਦੋ ਤਗ਼ਮੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਮਿਲਨਮੀਤ ਕੌਰ, ਜੋ ਕਿ ਬੋਲਣ ਤੇ ਸੁਣਨ ਤੋਂ ਅਸਰੱਥ ਹੈ ਪ੍ਰੰਤੂ ਇਸ ਵਿੱਚ ਅਥਾਹ ਖੇਡ ਪ੍ਰਤਿਭਾ ਹੈ, ਜਿਸ ਸਦਕਾ ਇਸ ਨੇ ਏਸ਼ੀਆ ਪੈਸੇਫਿਕ ਖੇਡਾਂ ਵਿੱਚ ਜੂਡੋ ਖੇਡ ਵਿੱਚ 48 ਕਿਲੋ ਭਾਰ ਵਰਗ ਵਿੱਚ ਪਹਿਲੀ ਵਾਰ ਵਿੱਚ ਹੀ ਸੋਨ ਤੇ ਕਾਂਸੀ ਤਗ਼ਮਾ ਜਿੱਤਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਲਨਮੀਤ ਕੌਰ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ, ਜਿਸ ਨੂੰ ਮਿਲਕੇ ਉਨ੍ਹਾਂ ਨੇ ਵਿਦਿਆਰਥਣ ਤੇ ਉਸਦੇ ਮਾਪਿਆਂ ਨੂੰ ਵਧਾਈ ਦੇ ਕੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮਿਲਣੀ ਮੌਕੇ ਵਿਦਿਆਰਥਣ ਦੇ ਮਾਪਿਆਂ ਸਮੇਤ ਸਕੂਲ ਦੇ ਪ੍ਰਬੰਧਕ ਕਰਨਲ ਕਰਮਿੰਦਰ ਸਿੰਘ, ਪ੍ਰਿੰਸੀਪਲ ਰੇਨੂ ਸਿੰਗਲਾ, ਕੋਚ ਸੁਰਿੰਦਰ ਸਿੰਘ, ਪਵਨ ਗੋਇਲ, ਐਸ.ਕੇ. ਕੋਚਰ ਅਤੇ ਸਕੂਲ ਦੇ ਵਿਦਿਆਰਥੀ ਮੌਜੂਦ ਸਨ।