- ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਰਵਾਇਤੀ ਬੁੱਤਾਂ ਦੇ ਨਾਲ ਨਸ਼ਿਆਂ ਦੇ ਪੁਤਲੇ ਨੂੰ ਅੱਗ ਲਗਾਉਣ ਲਈ ਦੁਸਹਿਰਾ ਕਮੇਟੀ ਦੀ ਸ਼ਲਾਘਾ ਕੀਤੀ
- ਸੈਕਟਰ 78 ਮੋਹਾਲੀ ਵਿਖੇ ਦੁਸਹਿਰਾ ਮੇਲੇ ਵਿੱਚ ਭਾਗ ਲਿਆ
- ਮੋਹਾਲੀ ਵਿੱਚ ਵੱਡੇ ਇਕੱਠਾਂ ਦੇ ਆਯੋਜਨ ਲਈ ਇੱਕ ਵੱਡਾ ਕਨਵੈਨਸ਼ਨ ਸੈਂਟਰ ਜਲਦੀ ਹੀ
ਐਸ.ਏ.ਐਸ.ਨਗਰ, 25 ਅਕਤੂਬਰ : ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਸੈਕਟਰ 78, ਮੋਹਾਲੀ ਦੇ ਗਰਾਊਂਡ ਵਿੱਚ ਦੁਸਹਿਰਾ ਪੂਜਾ ਵਿੱਚ ਭਾਗ ਲੈਂਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਇਸ ਵਿਜੇ ਦਸ਼ਮੀ ਮੌਕੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ। ਦੁਸਹਿਰਾ ਕਮੇਟੀ ਮੋਹਾਲੀ ਵੱਲੋਂ ਇਸ ਵਾਰ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਰਵਾਇਤੀ ਤਿੰਨ ਬੁੱਤਾਂ ਦੇ ਨਾਲ ਨਸ਼ਿਆਂ ਦੇ ਪੁਤਲੇ ਨੂੰ ਵੀ ਅੱਗ ਲਾਉਣ ਦੀ ਪੰਜਾਬ ਵਾਸੀਆਂ ਚ ਆਈ ਜਾਗਰੂਕਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਵਿਜੇ ਦਸ਼ਮੀ ਨੂੰ ਬੁਰਾਈ 'ਤੇ ਚੰਗਿਆਈ ਦੀ ਜਿੱਤ ਵਜੋਂ ਮਨਾਉਂਦੇ ਹਾਂ ਪਰ ਹੁਣ ਬੁਰਾਈਆਂ ਨੇ ਰੂਪ ਬਦਲਦੇ ਹੋਏ ਨਸ਼ਿਆਂ ਦਾ ਰੂਪ ਵੀ ਧਾਰਨ ਕਰ ਲਿਆ ਹੈ, ਜਿਸ ਨੂੰ ਖਤਮ ਕਰਨ ਲਈ ਅਤੇ ਸਮਾਜ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੁਰਾਈਆਂ ਦਾ ਨਿਸ਼ਚਿਤ ਤੌਰ 'ਤੇ ਅੰਤ ਹੁੰਦਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਬੁਰਾਈਆਂ ਨੂੰ ਅੱਗ ਲਗਾਉਣ ਦੀ ਪੁਰਾਣੀ ਰਵਾਇਤ ਨੂੰ ਜਿਉਂਦੇ ਰੱਖਕੇ, ਸਾਨੂੰ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ 'ਤੇ ਵੀ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ।ਡਿਪਟੀ ਕਮਿਸ਼ਨਰ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਸੁਨੇਹਾ ਦੇਣ ਲਈ ਪਿਛਲੇ 46 ਸਾਲਾਂ ਤੋਂ ਦੁਸਹਿਰਾ ਮੇਲਾ ਕਰਵਾਉਣ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਐਸ.ਏ.ਐਸ.ਨਗਰ ਵਿੱਚ ਜਲਦੀ ਹੀ ਮੋਹਾਲੀ ਵਿੱਚ ਵੱਡੇ ਸਮਾਗਮ ਕਰਵਾਉਣ ਲਈ ਇੱਕ ਕਨਵੈਨਸ਼ਨ ਸੈਂਟਰ ਬਣਾਇਆ ਜਾਵੇਗਾ ਜਿਸ ਲਈ ਗਮਾਡਾ ਇਸ 'ਤੇ ਕੰਮ ਕਰ ਰਿਹਾ ਹੈ।