- ਬਰਨਾਲਾ ਤੋਂ ਜੱਜ ਬਣੀਆਂ ਲੜਕੀਆਂ ਨੂੰ ਮਿਲੇ ਮੰਤਰੀ ਮੀਤ ਹੇਅਰ
ਬਰਨਾਲਾ, 13 ਅਕਤੂਬਰ : ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਜੁਡੀਸ਼ਰੀ ਇਮਤਿਹਾਨ ਪਾਸ ਕਰਨ ਵਾਲੀਆਂ ਬਰਨਾਲਾ ਦੀਆਂ ਧੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਧੀਆਂ ਸਾਡਾ ਸਰਮਾਇਆ ਹਨ ਅਤੇ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਬਰਨਾਲਾ ਦੀਆਂ ਧੀਆਂ ਨੇ ਮੱਲਾਂ ਮਾਰੀਆਂ ਹਨ। ਜੇ ਕਰ ਅੱਜ ਦੀ ਨੌਜਵਾਨ ਪੀੜ੍ਹੀ ਚਾਹੇ ਤਾਂ ਉਹ ਕੁਝ ਵੀ ਕਰ ਸਕਦੀ ਹੈ ਅਤੇ ਬਰਨਾਲਾ ਦੀ ਧੀਆਂ ਉਪਲੱਬਧੀ ਇਸ ਗੱਲ ਦਾ ਸਬੂਤ ਹੈ। ਉਨ੍ਹਾਂ ਦੱਸਿਆ ਕਿ ਅੰਜਲੀ ਕੌਰ ਪੁੱਤਰੀ ਹੈੱਡ ਕਾਂਸਟੇਬਲ ਬਲਕਾਰ ਸਿੰਘ ਅਤੇ ਕਿਰਨਦੀਪ ਕੌਰ ਪੁੱਤਰੀ ਹਰਪਾਲ ਸਿੰਘ, ਡਰਾਈਵਰ ਪੰਜਾਬ ਰੋਡਵੇਜ਼, ਲੁਧਿਆਣਾ ਡਿਪੂ ਨੇ ਪੰਜਾਬ ਸਿਵਿਲ ਸਰਵਿਸ (ਜੁਡੀਸ਼ਰੀ) ਦਾ ਪੇਪਰ ਪਾਸ ਕਰਕੇ ਆਪਣਾ ਮੁਕਾਮ ਹਾਸਲ ਕੀਤਾ ਹੈ। ਮੰਤਰੀ ਅਤੇ ਰਾਮ ਤੀਰਥ ਮੰਨਾ, ਚੇਅਰਮੈਨ ਨਗਰ ਸੁਧਾਰ ਟ੍ਰਸਟ ਬਰਨਾਲਾ ਅੰਜਲੀ ਦੇ ਘਰ ਗਏ ਅਤੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਰਨਦੀਪ ਕੌਰ ਦੇ ਘਰ ਜਾ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਮੂੰਹ ਮਿੱਠਾ ਕਰਵਾਇਆ।