ਛਚੇਰੇ ਭਰਾ ਨੇ ਆਪਣੀ ਭੈਣ ਦਾ ਕੀਤਾ ਕਤਲ, ਖੁਦ ਦਾ ਗਲ ਵੀ ਚਾਕੂ ਨਾਲ ਕੱਟਿਆ

ਲੁਧਿਆਣਾ, 04 ਸਤੰਬਰ : ਸਥਾਨਕ ਸ਼ਹਿਰ ਦੇ ਨੇੜੇ ਬਾੜੇਵਾਲ ਰੋਡ ‘ਤੇ ਪੈਂਦੇ ਭਾਈ ਦਇਆ ਸਿੰਘ ਨਗਰ ਵਿੱਚ ਇੱਕ ਭਰਾ ਵੱਲੋਂ ਆਪਣੀ ਭੈਣ ਨੂੰ ਕਤਲ ਕਰ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਚਾਚੇ ਕੋਲ ਰਹਿ ਰਹੇ ਰਾਕੇਸ਼ ਕੁਮਾਰ ਨੇ ਆਪਣੀ ਚਚੇਰੀ ਭੈਣ ਨੂੰ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਖੁਦ ਦੇ ਗਲ ਤੇ ਚਾਕੂ ਮਾਰ ਲਿਆ, ਜਿਸ ਕਾਰਨ ਦੋਵਾਂ ਨੂੰ ਇਲਾਜ ਲਈ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਕਥਿਤ ਦੋਸ਼ੀ ਚਚੇਰੇ ਭਰਾ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸਨੂੰ ਪੀਜੀਆਈ ਲਈ ਰੈਫਰ ਕਰ ਦਿੱਤਾ। ਇਸ ਘਟਨਾਂ ਦੀ ਜਾਣਕਾਰੀ ਮਿਲਦਿਆਂ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਲੜਕੀ ਦੇ ਕਮਰੇ ਵਿੱਚੋਂ ਕੁੱਝ ਕੱਪੜੇ ਸੜੇ ਹੋਏ ਮਿਲੇ, ਪੁਲਿਸ ਅਨੁਸਾਰ ਸ਼ਾਇਦ ਕੱਪੜਿਆਂ ਨੂੰ ਲੈ ਕੇ ਦੋਵਾਂ ਵਿੱਚ ਲੜਾਈ ਝਗੜਾ ਹੋਇਆ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਾਭਾ ਨਗਰ ਦੇ ਇੰਚਾਰਜ ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਹੈ, ਮ੍ਰਿਤਕ ਲੜਕੀ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ, ਜਦੋਂ ਕਿ ਕਥਿਤ ਦੋਸ਼ੀ ਨੂੰ ਪੀਜੀਆਈ ਹਸਪਤਾਲ ਵਿੱਚ ਇਲਾਜ ਲਈ ਰੈਫਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਖ਼ਮੀ ਨੌਜਵਾਨ ਦੀ ਹਾਲਤ ਠੀਕ ਹੋਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।