ਫਰੀਦਕੋਟ 5 ਸਤੰਬਰ : ਵਿਧਾਇਕ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਰੋਡ ਦੀ ਉਸਾਰੀ ਦਾ ਕੰਮ ਆਉਣ ਵਾਲੇ ਮਹੀਨੇ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਜਿੱਥੇ ਦਰੱਖਤਾਂ ਦੀ ਕਟਾਈ ਦਾ ਕੰਮ ਪੂਰਾ ਹੋ ਜਾਵੇਗਾ ,ਉੱਥੇ ਨਾਲ ਹੀ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਸ. ਸੇਖੋਂ ਨੇ ਦੱਸਿਆ ਕਿ ਇਸ ਸੜਕ ਦੀ ਕੁੱਲ ਲੰਬਾਈ 63.27 ਕਿਲੋਮੀਟਰ ਹੈ। ਜਿਸ ਵਿੱਚੋਂ 17.50 ਕਿਲੋਮੀਟਰ ਵਿਧਾਨ ਸਭਾ ਹਲਕਾ ਫਰੀਦਕੋਟ ਅਤੇ ਜਿਲ੍ਹਾ ਫਰੀਦਕੋਟ ਵਿੱਚ ਪੈਂਦੇ ਹਨ। ਇਹ ਸੜਕ NH-353 ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਫਿਰੋਜਪੁਰ ਵਿੱਚ ਪੈਂਦੇ ਪਿੰਡ ਆਰਫਕੇ ਤੋਂ ਸ਼ੁਰੂ ਹੋ ਕੇ ਫਿਰੋਜਪੁਰ ਸ਼੍ਰੀ ਮੁਕਤਸਰ ਸਾਹਿਬ-ਮਲੋਟ ਤੱਕ ਈਪੀਸੀ ਮੋਡ ਵਿੱਚ ਬਣਾਈ ਜਾਵੇਗੀ। ਇਸ ਸੜਕ ਨੂੰ ਬਣਾਉਣ ਉੱਪਰ ਲਗਭਗ 265 ਕਰੋੜ ਰੁਪਏ ਖਰਚ ਆਉਣਗੇ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ 18 ਮਹੀਨੇ ਵਿੱਚ ਬਣਾਇਆ ਜਾਵੇਗਾ। ਇਸ ਸੜਕ ਨੂੰ ਬਣਾਉਣ ਉਪਰੰਤ ਠੇਕੇਦਾਰ ਵੱਲੋਂ ਪੰਜ ਸਾਲਾਂ ਮੈਨਟੀਨੈਂਸ ਵੀ ਕੀਤੀ ਜਾਵੇਗੀ। ਸ. ਸੇਖੋਂ ਨੇ ਦੱਸਿਆ ਕਿ ਇਸ ਸੜਕ ਦਾ ਕੈਰੇਂਜ ਵੇਅ 10 ਮੀਟਰ ਰੱਖਿਆ ਜਾਵੇਗਾ ਅਤੇ ਜਿੱਥੇ ਕੀਤੇ ਇਹ ਸੜਕ ਆਬਾਦੀ ਵਿੱਚੋਂ ਲੰਘੇਗੀ ਉੱਥੇ ਇਸਦਾ ਕੈਰਜੇ ਵੇਅ 12 ਮੀਟਰ ਦਾ ਹੋਵੇਗਾ। ਇਸ ਤੋਂ ਇਲਾਵਾ ਇਸ ਸੜਕ ਉੱਪਰ ਪੈਂਦੇ 12 ਪੁਲਾਂ ਨੂੰ ਨਵਾਂ ਬਣਾਇਆ ਜਾਵੇਗਾ ਅਤੇ ਲਗਭਗ 60 ਪੁਲੀਆਂ ਦੀ ਉਸਾਰੀ ਕੀਤੀ ਜਾਵੇਗੀ। ਇਸ ਸੜਕ ਉੱਪਰ 20 ਬੱਸ ਸੈਲਟਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸੜਕ ਉੱਪਰ ਪੈਂਦੇ ਮੇਜਰ ਅਤੇ ਮਾਈਨਰ ਜੰਕਸ਼ਨ ਜਿੰਨਾਂ ਦੀ ਗਿਣਤੀ ਲਗਭਗ 50 ਦੇ ਕਰੀਬ ਹੋਵੇਗੀ ਇੰਮਪਰੂਵ ਕੀਤੇ ਜਾਣਗੇ। ਆਬਾਦੀ ਵਾਲੇ ਹਿੱਸੇ ਵਿੱਚ ਡੇਨਾਂ ਦੀ ਉਸਾਰੀ ਵੀ ਕੀਤੀ ਜਾਵੇਗੀ। ਇਸ ਸੜਕ ਨੂੰ ਬਣਾਉਣ ਸਮੇਂ ਸੜਕ ਦੀ ਉਸਾਰੀ ਨਾਲ ਸਬੰਧਤ ਹਰ ਤਰ੍ਹਾਂ ਦੀ ਸਪੈਸੀਫਿਕੇਸ਼ਨ ਦਾ ਧਿਆਨ ਰੱਖਿਆ ਜਾਵੇਗਾ ਅਤੇ ਵਿਭਾਗੀ ਲੈਬੋਰਟਰੀਆਂ ਇਸ ਸੜਕ ਉੱਪਰ ਪਾਏ ਜਾਣ ਵਾਲੇ ਮਟੀਰੀਅਲ ਦੀ ਗੁਣਵੱਤਾ ਦੀ ਜਾਂਚ ਨਾਲੋ-ਨਾਲ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ 03 ਜਿਲ੍ਹਿਆਂ ਫਿਰੋਜਪੁਰ, ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਬਹੁਤ ਫਾਇਦਾ ਪਹੁੰਚੇਗਾ।