ਫਰੀਦਕੋਟ 25 ਜੁਲਾਈ 2024 : ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਡਾ. ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਕਾਸ ਅਫਸਰ ਸਰਾਵਾਂ ਡਾ. ਰਾਜਵਿੰਦਰ ਸਿੰਘ ਦੇ ਉੱਦਮ ਸਦਕਾ ਪਿੰਡ ਅਜਿੱਤ ਗਿੱਲ ਵਿਖੇ ਕਿਸਾਨ ਕੈਂਪ ਦਾ ਆਯੋਜਿਨ ਕੀਤਾ ਗਿਆ। ਕੈਂਪ ਦੌਰਾਨ ਜਿਲ੍ਹਾ ਸਿਖਲਾਈ ਅਫਸਰ ਡਾ. ਕੁਲਵੰਤ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਕੁਦਰਤੀ ਸਾਧਨਾਂ ਜਿਵੇ ਕਿ ਮਿੱਟੀ, ਪਾਣੀ ਅਤੇ ਹਵਾ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਅਤੇ ਦੱਸਿਆ ਕਿ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਸਾਨੂੰ ਰੂੜੀ ਖਾਦ ਅਤੇ ਹਰੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਾਣੀ ਨੂੰ ਬਚਾਉਣ ਲਈ ਝੋਨੇ ਹੇਠ ਰਕਬਾ ਘਟਾ ਕੇ ਫਸਲੀ ਵਿਭਿੰਨਤਾ ਨੂੰ ਅਪਨਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਬਿਜਾਏ ਖੇਤ ਵਿੱਚ ਹੀ ਵਹਾਉਣ ਲਈ ਕਿਹਾ ਗਿਆ। ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਡਾ. ਗੁਰਪ੍ਰੀਤ ਸਿੰਘ ਵੱਲੋਂ ਵਿਭਾਗੀ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਵਿਭਾਗ ਦੇ ਦਫਤਰਾਂ ਨਾਲ ਸੰਪਰਕ ਕੀਤਾ ਜਾਵੇ। ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਸਰਾਵਾਂ ਡਾ. ਰਾਜਵਿੰਦਰ ਸਿੰਘ ਵੱਲੋਂ ਨਰਮੇ ਦੀ ਫਸਲ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਚਿੱਟੀ ਮੱਖੀ ਦੇ ਹਮਲੇ ਨੂੰ ਘਟਾਉਣ ਲਈ ਬਰਸਾਤ ਨੂੰ ਮੱਦੇਨਜਰ ਰੱਖਦਿਆ ਪਾਣੀ ਲਗਾਇਆ ਜਾਵੇ ਅਤੇ ਸ਼ਿਫਾਰਸ਼-ਸ਼ੁਦਾ ਜ਼ਹਿਰਾਂ ਦੀ ਸਪਰੇ ਕੀਤੀ ਜਾਵੇ। ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਫਸਲਾਂ ਦਾ ਲਗਾਤਾਰ ਸਰਵੇਖਣ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਵਿੱਚ ਨਦੀਨਾ ਦੀ ਸੁਚੱਜੀ ਰੋਕਥਾਮ ਲਈ ਸ਼ਿਫਾਰਸ਼-ਸ਼ੁਦਾ ਜਹਿਰਾਂ ਨੂੰ ਨਦੀਨਾਂ ਦੀ 2-4 ਪੱਤਿਆ ਦੀ ਅਵਸਤਾ ਤੇ ਕੀਤਾ ਜਾਵੇ ਤਾਂ ਜੋ ਨਦੀਨਾਂ ਨੂੰ ਸਮੇ ਸਿਰ ਹੀ ਕੰਟਰੋਲ ਜਾ ਸਕੇ । ਮਾੜੇ ਪਾਣੀ ਅਤੇ ਹਲਕੀਆਂ ਜਮੀਨਾਂ ਵਿੱਚ ਜਿੰਕ ਅਤੇ ਲੋਹੇ ਦੀ ਘਾਟ ਨੂੰ ਰੋਕਣ ਲਈ ਸਮੇ ਸਿਰ ਉਪਰਾਲੇ ਕੀਤੇ ਜਾਣ। ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਚੁਗਿਰਦੇ ਨੂੰ ਹਰਿਆ ਭਰਿਆ ਰੱਖਣ ਲਈ ਕਿਸਾਨਾਂ ਨੂੰ ਬੂਟੇ ਵੰਡੇ ਗਏ ਅਤੇ ਅਪੀਲ ਕੀਤੀ ਕਿ ਕਿਸਾਨ ਮੋਟਰਾਂ ਤੇ ਵੱਧ ਤੋਂ ਵੱਧ ਬੂਟੇ ਲਾਉਣ । ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਵਿਭਾਗੀ ਸਾਉਣੀ ਦਾ ਕਿਤਾਬਚਾ ਅਤੇ ਲਿਟਰੇਚਰ ਵੀ ਵੰਡਿਆ ਗਿਆ। ਕੈਂਪ ਦੌਰਾਨ ਡਾ. ਸਤਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਰਿੰਪਲਜੀਤ ਸਿੰਘ ਏ.ਐਸ.ਆਈ, ਕਰਨਬੀਰ ਸਿੰਘ ਫੀਲਡ ਸਹਾਇਕ, ਪਲਵਿੰਦਰ ਸਰਮਾ, ਨਵਰੂਪ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।