ਲੁਧਿਆਣਾ, 13 ਸਤੰਬਰ : ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਹੋਏ ਗਠਜੋੜ ਨੂੰ ਲੈ ਕੇ ਹਾਈਕਮਾਂਡ ਦੇ ਪੱਧਰ ਤੇ ਭਾਵੇਂ ਸਹਿਮਤੀ ਬਣੀ ਹੋਵੇ, ਪਰ ਪੰਜਾਬ ਵਿੱਚ ਕਾਂਗਰਸੀ ਅਤੇ ਆਪ ਪਾਰਟੀ ਦੇ ਆਗੂਆਂ ਦੇ ਸੁਰ ਵੱਖੋ ਵੱਖਰੇ ਹਨ, ਇਸ ਨਾਲ ਸਬੰਧਿਤ ਅਖਬਾਰੀ ਬਿਆਨਬਾਜੀ ਵੀ ਹੁੰਦੀ ਰਹਿੰਦੀ ਹੈ। ਇਸ ਸਬੰਧੀ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇੱਕ ਬਿਆਨ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਸਾਫ ਸਾਫ ਕਹਿ ਦਿੱਤਾ ਹੈ ਕਿ ਕਾਂਗਰਸ ਤੇ ਆਪ ਦਾ ਗਠਜੋੜ ਹੋ ਚੁੱਕਾ ਹੈ। ਇਸ ਗਠਜੋੜ ਨੂੰ ਲੈ ਕੇ ਸਵਾਲ ਕਰਨ ਵਾਲਿਆਂ ਨੂੰ ਵੀ ਨਸ਼ੀਹਤ ਦਿੰਦਿਆਂ ਬਿੱਟੂ ਨੇ ਕਿਹਾ ਕਿ ਪਾਰਟੀ ਵਿੱਚ ਲੋਕਤੰਤਰ ਦਾ ਨਾਂ ਲੈ ਕੇ ਪਾਰਟੀ ਦੇ ਫੈਸਲਿਆਂ ਨੂੰ ਚੁਣੌਤੀ ਦੇਣੀ ਜਾਂ ਨੁਕਤਾਚੀਨੀ ਕਰਨੀ ਸਹੀ ਨਹੀਂ ਹੈ। ਜੇ ਕਿਸੇ ਨੂੰ ਪਾਰਟੀ ਹਾਈਕਮਾਨ ਦਾ ਗਠਜੋੜ ਵਾਲਾ ਫ਼ੈਸਲਾ ਪਸੰਦ ਨਹੀਂ ਤਾਂ ਉਸ ਨੂੰ ਬਾਹਰ ਗੱਲਾਂ ਕਰਨ ਦੀ ਬਜਾਏ ਹਾਈਕਮਾਨ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਜੇ ਉਸ ਦਾ ਵਿਚਾਰ ਵੱਖਰਾ ਹੈ ਤਾਂ ਉਸ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਦੱਸ ਦੇਈਏ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਆਪ ਦੇ ਨਾਲ ਗਠਬੰਧਨ ਤੋਂ ਇਨਕਾਰ ਕਰ ਚੁੱਕੇ ਹਨ, ਪ੍ਰਤਾਪ ਸਿੰਘ ਬਾਜਵਾ ਦਾ ਰਵੱਈਆ ਵੀ ਇਸ ਫੈਸਲੇ ਨੂੰ ਲੈ ਕੇ ਤਿੱਖਾ ਹੀ ਨਜ਼ਰ ਆ ਰਿਹਾ ਹੈ। ਉਥੇ ਹੀ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਸਾਂਸਦ ਨੇ ਕਿਹਾ ਕਿ ਪਾਰਟੀ ਵਿੱਚ ਰਹਿ ਕੇ ਬਗਾਵਤ ਵੀ ਕਰਨੀ ਤੇ ਅਹੁਦੇ ਵੀ ਲੈਣੇ ਇਹ ਕਿਵੇਂ ਹੋ ਸਕਦਾ ਹੈ? ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦੋਹਾਂ ਪਾਰਟੀਆਂ ਦੀਆਂ ਸਾਂਝੀਆਂ ਰੈਲੀਆਂ ਵੀ ਸ਼ੁਰੂ ਹੋਣਗੀਆਂ।