ਸ੍ਰੀ ਮੁਕਤਸਰ ਸਾਹਿਬ, 16 ਮਈ : ਸ੍ਰੀ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਬਾਲ ਭਿੱਖਿਆ ਮੁਕਤ ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਹਰ ਬੱਚਾ ਸਕੂਲ ਦੇ ਵਿੱਚ ਦਾਖਲ ਹੋਣਾ ਚਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਮਾਪੇ ਵਿੱਦਿਆ ਦੇ ਮਹੱਤਵ ਨੂੰ ਨਾ ਸਮਝਦੇ ਹੋਏ ਉਹ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਅਤੇ ਉਨ੍ਹਾਂ ਤੋਂ ਭੀਖ ਮੰਗਵਾਉਂਦੇ ਹਨ। ਉਨ੍ਹਾਂ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸ਼ਨਾਖਤ ਕਰਨ ਕਿ ਜਿਹੜੇ ਮਾਤਾ-ਪਿਤਾ ਆਪਣਿਆਂ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਕਰਨ ਲਈ ਸਕੂਲ ਨਹੀਂ ਭੇਜਦੇ, ਉਨ੍ਹਾਂ ਮਾਪਿਆਂ ਦੇ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਡਾ. ਸ਼ਿਵਾਨੀ ਨਾਗਪਾਲ ਦੇ ਦੱਸਿਆ ਕਿ ਵਿਭਾਗ ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਮੇਨ ਬਜਾਰ ਵਿਖੇ ਚੈਕਿੰਗ ਕੀਤੀ ਗਈ ਅਤੇ ਜਿਹੜੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਿੱਦਿਆ ਹਾਸਲ ਕਰਨ ਲਈ ਸਕੂਲ ਨਹੀਂ ਭੇਜਦੇ, ਉਨ੍ਹਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਜ਼ਰੂਰ ਭੇਜਣ ਅਤੇ ਉਨ੍ਹਾਂ ਤੋਂ ਭੀਖ ਨਾ ਮੰਗਵਾਉਣ। ਉਨ੍ਹਾਂ ਸਬੰਧਤ ਮਾਪਿਆਂ ਨੂੰ ਕਿਹਾ ਕਿ ਜੇਕਰ ਇਹ ਬੱਚੇ ਦੁਬਾਰਾ ਭੀਖ ਮੰਗਦੇ ਪਾਏ ਗਏ ਤਾਂ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਤਰਸ ਦੇ ਆਧਾਰ ’ਤੇ ਪੈਸੇ ਨਹੀਂ ਦੇਣੇ ਚਾਹੀਦੇ, ਬਲਕਿ ਅਜਿਹੇ ਹਾਲਾਤਾਂ ਵਿੱਚ ਬੱਚੇ ਨਾਲ ਗੱਲਬਾਤ ਕਰਕੇ ਉਸਦਾ ਨੇੜੇ ਦੇ ਸਕੂਲ ਵਿੱਚ ਦਾਖਲਾ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਅਜਿਹੇ ਬੱਚਿਆਂ ਨੂੰ ਪੈਸੇ ਦੇਣ ਦੀ ਥਾਂ ਕਿਤਾਬਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਪੜ੍ਹ-ਲਿਖ ਕੇ ਇਹ ਬੱਚੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।