- ਦੁਕਾਨਦਾਰਾਂ ਨੂੰ ਅਲੱਗ-ਅਲੱਗ ਕਿਸਮਾਂ ਦੇ ਕੂੜੇ ਨੂੰ ਵੱਖ-ਵੱਖ ਕਰਕੇ ਸੰਭਾਲਣ ਸਬੰਧੀ ਕੀਤਾ ਜਾਗਰੂਕ
ਮੋਗਾ, 22 ਸਤੰਬਰ : ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਨਿਗਮ ਮੋਗਾ ਵੱਲੋਂ ਸਵੱਛਤਾ ਹੀ ਸੇਵਾ (ਇੰਡੀਅਨ ਸਵੱਛਤਾ ਲੀਗ 2.0) ਪ੍ਰੋਗਰਾਮ ਤਹਿਤ ਸਫ਼ਾਈ ਅਤੇ ਹੋਰ ਗਤੀਵਿਧੀਆਂ ਜੰਗੀ ਪੱਧਰ ਉੱਪਰ ਜਾਰੀ ਰੱਖੀਆਂ ਜਾ ਰਹੀਆਂ ਹਨ ਜਿਹੜੀਆਂ ਕਿ 2 ਅਕਤੂਬਰ, 2023 ਤੱਕ ਲਗਾਤਾਰ ਚੱਲਣਗੀਆਂ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਫ਼ ਸਫ਼ਾਈ ਅਤੇ ਕੂੜੇ/ਰਹਿੰਦ ਖੂੰਹਦ ਦੀ ਸਹੀ ਸੈਗਰੀਗੇਸ਼ਨ ਸਬੰਧੀ ਜਾਗਰੂਕ ਕਰਨਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਮੋਗਾ ਮਿਸ ਪੂਨਮ ਸਿੰਘ ਨੇ ਦੱਸਿਆ ਕਿ ਇਹ ਗਤੀਵਿਧੀਆਂ 2 ਅਕਤੂਬਰ ਤੱਕ ਲਗਾਤਾਰ ਜਾਰੀ ਰਹਿਣਗੀਆਂ। ਇਨ੍ਹਾਂ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਨਗਰ ਨਿਗਮ ਮੋਗਾ ਦੇ ਦਫ਼ਤਰ ਤੋਂ ਬੱਸ ਸਟੈਂਡ ਤੱਕ ਸਫ਼ਾਈ ਅਭਿਆਨ ਚਲਾਇਆ ਗਿਆ ਜਿਸ ਤਹਿਤ ਸੜਕ ਦੀ ਸਫਾਈ, ਡਿਵਾਈਡਰ ਦੀ ਸਫਾਈ ਕੀਤੀ ਗਈ। ਇਸ ਤੋਂ ਇਲਾਵਾ ਇੱਥੋਂ ਦੇ ਦੁਕਾਨਦਾਰਾਂ ਨੂੰ ਸੋਰਸ ਸੈਗਰੀਗੇਸ਼ਨ ਸਬੰਧੀ ਵੀ ਜਾਗਰੂਕ ਕੀਤਾ ਗਿਆ।ਸੋਰਸ ਸੈਗਰੀਗੇਸ਼ਨ ਤੋਂ ਭਾਵ ਵੱਖ ਵੱਖ ਤਰ੍ਹਾਂ ਦੇ ਕੂੜੇ ਨੂੰ ਉਸਦੀਆਂ ਕਿਸਮਾਂ ਅਨੁਸਾਰ ਵੱਖ ਵੱਖ ਸਟੋਰ ਕਰਨ ਤੋਂ ਹੈ, ਜਿਵੇਂ ਕਿ ਭੋਜਨ ਦੀ ਰਹਿੰਦ ਖੂੰਹਦ, ਕਾਗਜ, ਪਲਾਸਟਿਕ, ਕੱਚ, ਐਲੂਮੀਨੀਅਮ ਦੇ ਡੱਬੇ, ਲੋਹਾ, ਧਾਤ ਆਦਿ ਵੱਖ ਵੱਖ ਸਟੋਰ ਕਰਨਾ ਚਾਹੀਦਾ ਹੈ। ਇਸ ਮੌਕੇ ਸਵੱਛ ਭਾਰਤ ਦੇ ਆਈ.ਈ.ਸੀ. ਮਾਹਿਰ ਗੁਰਲਾਲ ਸਿੰਘ ਵੱਲੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਰੱਖਣ ਬਾਰੇ ਜਾਗਰੂਕ ਕੀਤਾ। ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਕੇ ਕੱਪੜੇ ਦੇ ਬੈਗਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ। ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਇਸ ਸਵੱਛਤਾ ਲੀਗ ਨੂੰ ਸਫ਼ਲਤਾਪੂਰਵਕ ਅਤੇ ਅਸਰਦਾਇਕ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਚੀਫ ਸੈਨਟਰੀ ਇੰਸਪੈਕਟਰ, ਸੈਨਟਰੀ ਇੰਸਪੈਕਟਰਾਂ ਤੋਂ ਇਲਾਵਾ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਹਜ਼ਾਰ ਸਨ।