ਮੀਜਲ ਅਤੇ ਰੁਬੇਲਾ ਦੇ ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਪਹਿਚਾਣ ਕਰਕੇ ਟੀਕਾਕਰਨ ਜ਼ਰੂਰ ਕੀਤਾ ਜਾਵੇ : ਵਧੀਕ ਡਿਪਟੀ ਕਮਿਸ਼ਨਰ

  • ਟੀਕਾਕਰਨ ਗਤੀਵਿਧੀਆਂ ਹੋਰ ਮਜ਼ਬੂਤੀ ਨਾਲ ਤੇ ਨਿਯਮਿਤ ਤੌਰ `ਤੇ ਚਲਾਈਆਂ ਜਾਣ
  • ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ

ਫਾਜ਼ਿਲਕਾ 2 ਅਗਸਤ : ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਵਨੀਤ ਕੌਰ ਵੱਲੋਂ ਮਿਸ਼ਨ ਇੰਦਰ ਧਨੁਸ਼ ,ਮੀਜ਼ਲ ਅਤੇ ਰੁਬੇਲਾ ਦੇ ਸਬੰਧ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਬਿਮਾਰੀ ਦੇ ਖਾਤਮੇ ਲਈ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਟੀਕਾਕਰਨ ਮੁਹਿੰਮ ਨੂੰ ਹੋਰ ਅਸਰਦਾਰ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਡਬਲਯੂ.ਐੱਚ.ਓ ਤੋਂ ਸਰਵੀਲੈਂਸ ਮੈਡੀਕਲ ਅਫਸਰ ਡਾ. ਮੇਘਾ ਪ੍ਰਕਾਸ਼ ਵੀ ਹਾਜ਼ਰ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਮੀਜਲ ਅਤੇ ਰੁਬੇਲਾ ਦੇ ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਟੀਕਾਕਰਨ ਜ਼ਰੂਰ ਕੀਤਾ ਜਾਵੇ। ਜਿਥੇ ਪ੍ਰਵਾਸੀ ਵਸੋਂ ਦਾ ਆਉਣਾ-ਜਾਣਾ ਰਹਿੰਦਾ ਹੈ ਉਸ ਖਿੱਤੇ ਵਿਚ ਟੀਕਾਕਰਨ ਗਤੀਵਿਧੀਆਂ ਹੋਰ ਮਜ਼ਬੂਤੀ ਨਾਲ ਤੇ ਨਿਯਮਿਤ ਤੌਰ `ਤੇ ਚਲਾਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ  ਮੈਡੀਕਲ ਅਦਾਰਾ ਵੀ ਮੀਜਲ ਅਤੇ ਰੁਬੇਲਾ ਦੇ ਸ਼ੱਕੀ ਕੇਸਾਂ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ। ਉਨ੍ਹਾਂ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਆਂਗਣਵਾੜੀਆਂ ਵਿਚ ਆਉਂਦੇ ਬਚਿਆਂ ਦੇ ਟੀਕਾਕਰਨ ਸਬੰਧੀ ਸੂਚਨਾ ਸਿਹਤ ਵਿਭਾਗ ਨੂੰ ਲਾਜਮੀ ਤੌਰ *ਤੇ ਦੇਣਾ ਯਕੀਨੀ ਬਣਾਉਣ। ਡਬਲਯੂ.ਐੱਚ.ਓ ਤੋਂ ਸਰਵੀਲੈਂਸ ਮੈਡੀਕਲ ਅਫਸਰ ਡਾ. ਮੇਘਾ ਪ੍ਰਕਾਸ਼  ਨੇ ਦੱਸਿਆ ਕਿ ਇਹ ਵੈਕਸੀਨੇਸ਼ਨ 9 ਮਹੀਨੇ ਤੋਂ ਲੈ ਕੇ 5 ਸਾਲ ਦੇ ਸਾਰੇ ਬੱਚਿਆਂ ਨੂੰ ਲਗਾਉਣੀ ਬਹੁਤ ਜ਼ਰੂਰੀ ਹੈ। ਉਨ੍ਹਾ ਦੱਸਿਆ ਕਿ ਮੀਜਲ ਰੁਬੇਲਾ (ਖਸਰਾ/ਛੋਟੀ ਮਾਤਾ) ਵਾਇਰਸ ਨਾਲ ਹੋਣ ਵਾਲਾ ਇਕ ਰੋਗ ਹੈ ਅਤੇ ਬੁਖਾਰ ਨਾਲ ਸ਼ਰੀਰ `ਤੇ ਦਾਣੇ ਪੈਣੇ ਇਸ ਦਾ ਮੁੱਖ ਲੱਛਣ ਹੈ। ਇਸ ਤੋਂ ਬਚਾਅ ਲਈ 9 ਅਤੇ 18 ਮਹੀਨੇ ਦੀ ਉਮਰ ਵਿਚ ਕ੍ਰਮਵਾਰ ਦੋ ਟੀਕੇ ਲਗਵਾਏ ਜਾਣੇ ਚਾਹੀਦੇ ਹਨ। ਪਰ ਜੇਕਰ ਕਿਸੇ ਵਿਸ਼ੇਸ਼ ਹਾਲਤ ਵਿਚ ਇਹ ਟੀਕੇ ਨਹੀਂ ਲਗੇ ਤਾਂ ਵੱਧ ਤੋਂ ਵੱਧ 5 ਸਾਲ ਦੀ ਉਮਰ ਵਿਚ ਲਗਾਏ ਜਾ ਸਕਦੇ ਹਨ। ਉਨ੍ਹਾਂ ਨਵੇਂ ਉਲੀਕੇ ਗਏ ਯੂ-ਵੀਨ ਪੋਰਟਲ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਜਿਸ ਵਿਚ ਟੀਕਾਕਰਨ ਮੁਹਿੰਮ ਦਾ ਰਿਕਾਰਡ ਆਨਲਾਈਨ ਪੋਰਟਲ *ਤੇ ਰਖਿਆ ਗਿਆ ਜਿਸ ਨਾਲ ਪਾਰਦਰਸ਼ਤਾ ਵਿਚ ਹੋਰ ਵਾਧਾ ਹੋਵੇਗਾ ਤੇ ਰਿਕਾਰਡ ਦੇ ਰੱਖ-ਰਖਾਵ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਮਿਸ਼ਨ ਇੰਦਰ ਧਨੁਸ਼ ਮੁਹਿਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਪੜ੍ਹਾਅ ਵਿਚ ਵੈਕਸੀਨੇਸ਼ਨ ਦਾ ਕੰਮ ਉਲੀਕਿਆ ਗਿਆ ਹੈ ਜਿਸ ਵਿਚ ਵਿਸ਼ੇਸ਼ ਅਭਿਆਨ 11 ਤੋਂ 16 ਸਤੰਬਰ, 9 ਤੋਂ 14 ਅਕਤੂਬਰ ਅਤੇ 20 ਤੋਂ 25 ਨਵੰਬਰ 2023 ਨੂੰ ਚਲਾਇਆ ਜਾਵੇਗਾ ਜਿਸ ਵਿਚ 0 ਤੋਂ 2 ਸਾਲ ਤੱਕ ਦੇ ਬਚਿਆਂ ਨੂੰ ਟੀਕੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਇਲਾਵਾ 2 ਤੋਂ 5 ਸਾਲ ਤੱਕ ਦੇ ਬਚਿਆਂ ਜੋ ਆਪਣਾ ਟੀਕਾ ਲਗਵਾਉਣ ਤੋਂ ਵਾਂਝੇ ਰਹਿ ਗਏ ਹੋਣ ਉਨ੍ਹਾਂ ਨੂੰ ਵੀ ਕਵਰ ਕੀਤਾ ਜਾਵੇਗਾ। ਇਸ ਮੁਹਿੰਮ ਅਧੀਨ ਵੱਖ-ਵੱਖ ਸਬੰਧਤ ਵਿਭਾਗਾਂ ਨੂੰ ਸਮੂਲੀਅਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਮੇਡਮ ਕਵਿਤਾ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਐਰਿਕ, ਜ਼ਿਲ੍ਹਾ ਮਹਾਮਾਰੀ ਅਫਸਰ ਡਾ. ਸੁਨੀਤਾ, ਉਪ ਜ਼ਿਲ੍ਹਾ ਸਿਖਿਆ ਅਫਸਰ ਮੈਡਮ ਅੰਜੂ ਸੇਠੀ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਜੇਸ ਕੁਮਾਰ, ਦਿਵੇਸ ਕੁਮਾਰ, ਹਰਮੀਤ ਸਿੰਘ, ਸੁਸ਼ੀਲ ਕੁਮਾਰ, ਸੁਨੀਲ ਟੰਡਲ,  ਸ਼ਵੇਤਾ, ਸੰਦੀਪ ਕੌਰ, ਸਮੇਤ ਵੱਖ-ਵੱਖ ਵਿਭਾਗਾਂ ਤੇ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ