ਮਿਸ਼ਨ ਇੰਦਰਧਨੁਸ਼ ਅਧੀਨ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਨਿਯਮਿਤ ਟੀਕਾਕਰਨ ਕੀਤਾ ਜਾਵੇ ਪੂਰਾ: ਡਿਪਟੀ ਕਮਿਸ਼ਨਰ

  • ਕਿਹਾ, ਜ਼ਿਲ੍ਹਾ ਨਿਵਾਸੀ ਟੀਕਾਕਰਨ ਮੁਹਿੰਮ ਦਾ ਪੂਰਾ ਲਾਭ ਉਠਾਉਣ

ਫਾਜ਼ਿਲਕਾ 5 ਸਤੰਬਰ : ਮਿਸ਼ਨ ਇੰਦਰਧਨੁੱਸ਼ ਤਹਿਤ ਜ਼ਿਲ੍ਹੇ ਦੇ ਜਿਹੜੇ 0 ਤੋਂ 5 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਦਾ ਸਿਹਤ ਵਿਭਾਗ ਵੱਲੋਂ ਮੁਕੰਮਲ ਟੀਕਾਕਾਰਨ ਕੀਤਾ ਜਾਵੇ ਤਾਂ ਜੋ ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। । ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਨੇ ਜ਼ਿਲ੍ਹੇ ਵਿੱਚ ਮਿਸ਼ਨ ਇੰਦਰਧਨੁੱਸ਼ ਮੁਹਿੰਮ ਸਬੰਧੀ  ਜਾਗਰੂਕਤਾ ਸਮੱਗਰੀ ਰਿਲੀਜ਼ ਕਰਨ ਮੌਕੇ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ ਆਪਣੇ-ਆਪਣੇ ਏਰੀਏ ਵਿਚ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦੀ ਪਛਾਣ ਕਰਕੇ ਸੰਪੂਰਨ ਟੀਕਾਕਰਨ ਕਰਵਾਉਣ।  ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹੇ ਅੰਦਰ ਤਿੰਨ ਗੇੜਾਂ ਵਿਚ ਇੱਕ-ਇੱਕ ਹਫ਼ਤਾ ਚੱਲੇਗੀ ਜਿਸਦਾ ਪਹਿਲਾ ਗੇੜ 11 ਸਤੰਬਰ ਤੋਂ 16 ਸਤੰਬਰ ਤੱਕ, ਦੂਜਾ ਗੇੜ 09 ਅਕਤੂਬਰ ਤੋਂ 14 ਅਕਤੂਬਰ ਤੱਕ ਅਤੇ ਤੀਜਾ ਗੇੜ 20 ਨਵੰਬਰ ਤੋਂ 25 ਨਵੰਬਰ ਤੱਕ ਚਲਾਇਆ ਜਾਵੇਗਾ। ਇਸ ਮਿਸ਼ਨ ਅਧੀਨ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ 100 ਪ੍ਰਤੀਸ਼ਤ ਟੀਕਾਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਵਨੀਤ ਕੌਰ ਨੇ ਦੱਸਿਆ ਕਿ ਪੰਜ ਸਾਲ ਤੱਕ ਦੇ ਜਿਹੜੇ ਬੱਚੇ ਕਿਸੇ ਕਾਰਣ ਟੀਕਾਕਰਣ ਤੋਂ ਵਾਂਝੇ ਰਹਿ ਗਏ ਜਾਂ ਫਿਰ ਅਧੂਰਾ ਟੀਕਾਕਰਨ ਹੋਇਆ ਹੈ। ਇਸ ਮੁਹਿੰਮ ਵਿੱਚ ਟੀਕਾਕਰਣ ਤੋਂ ਵਾਂਝੇ ਰਹਿ ਗਏ ਏਰੀਏ, ਹਾਈ ਰਿਸਕ ਏਰੀਏ, ਸਲੱਮ ਏਰੀਏ, ਮਾਈਗ੍ਰੇਟਰੀ ਆਬਾਦੀ, ਝੁੱਗੀਆਂ ਝੌਂਪੜੀਆਂ, ਭੱਠੇ, ਪਹੁੰਚ ਤੋਂ ਦੂਰ ਆਬਾਦੀ, ਅਤੇ ਹੋਰ ਮੁਸ਼ਕਿਲ ਏਰੀਏ ਕਵਰ ਸਿਹਤ ਵਿਭਾਗ ਵੱਲੋਂ ਕਵਰ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਗਰਭਵਤੀ ਮਾਂਵਾਂ ਨੂੰ ਟੈਟਨਸ ਦੇ ਦੋ ਟੀਕੇ ਅਤੇ ਬੱਚਿਆਂ ਨੂੰ ਪੋਲੀਓ, ਤਪਦਿਕ, ਗਲਘੋਟੂ, ਦਸਤ, ਖਸਰਾ ਅਤੇ ਰੂਬੇਲਾ, ਦਿਮਾਗੀ ਬੁਖਾਰ, ਪੀਲੀਆ, ਕਾਲੀ ਖੰਘ, ਨਿਮੋਨੀਆ ਅਤੇ ਅੰਧਰਾਤੇ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਸੰਪੂਰਨ ਟੀਕਾਕਰਨ ਕਰਵਾਉਣਾ ਜਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਮੁਹਿੰਮ ਸੰਪੂਰਨ ਟੀਕਾਕਰਨ ਲਈ ਹੈ ਅਤੇ ਜ਼ਿਲਾ ਨਿਵਾਸੀ ਇਸ ਮੁਹਿੰਮ ਦਾ ਪੂਰਾ ਲਾਭ ਉਠਾਉਣ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਫਾਜ਼ਿਲਕਾ ਡਾ. ਐਰਿਕ ਵੀ ਹਾਜ਼ਰ ਸਨ।