- ਜ਼ਿਲ੍ਹੇ ਦੇ ਸਕੂਲਾਂ, ਬਾਲ ਸੁਰੱਖਿਆ ਕਮੇਟੀਆਂ ਅਤੇ ਪਿੰਡਾਂ ਨੂੰ ਬਾਲ ਵਿਆਹ ਮੁਕਤ ਭਾਰਤ’ ਮੁਹਿੰਮ ਤਹਿਤ ਛੋਟੀ ਉਮਰੇ ਵਿਆਹ ਨਾ ਕਰਨ ਦੀ ਚੁਕਾਈ ਸਹੁੰ
ਫਾਜਿਲਕਾ 18 ਅਕਤੂਬਰ : ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਵੱਲੋ ਪ੍ਰਾਪਤ ਦਿਸ਼ਾ-ਨਿਰਦੇਸ਼ਾ ਤਹਿਤ ਅਤੇ ਡਿਪਟੀ ਕਮਿਸ਼ਨਰ ਡਾ ਸੇਨੁ ਦੁੱਗਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਵਿਖੇ ‘ਬਾਲ ਵਿਆਹ ਮੁਕਤ ਭਾਰਤ’ ਮੁਹਿੰਮ ਚਲਾਈ ਗਈ। ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਸਹਿਯੋਗ ਨਾਲ ਬਾਲ ਵਿਆਹ ਮੁਕਤ ਭਾਰਤ ਲਈ ਸਹੁੰ ਚੁਕਾਉਂਦੇ ਹੋਏ ਬੱਚਿਆਂ ਦੀ ਛੋਟੀ ਉਮਰ ਵਿੱਚ ਵਿਆਹ ਨਾ ਕਰਵਾਉਣ ਸਬੰਧੀ ਵਚਨ ਲਿਆ ਗਿਆ। ਪ੍ਰੋਗਰਾਮ ਦੌਰਾਨ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਵਲੋਂ ਸਕੂਲੀ ਬੱਚਿਆਂ ਵੱਲੋ ਬਾਲ ਵਿਆਹ ਨਾ ਕਰਨ ਸਬੰਧੀ ਨਾਅਰੇ ਲਗਾਉਂਦੇ ਹੋਏ ਇਸ ਮੁਹਿੰਮ ਨੂੰ ਬੜਾਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਲੜਕੇ ਦਾ ਵਿਆਹ ਕਰਨਾ ਕਾਨੂੰਨੀ ਅਪਰਾਧ ਹੈ। ਅਜਿਹਾ ਕਰਨ ‘ਤੇ ਬਾਲ ਵਿਆਹ ਕਰਵਾਉਣ ਵਾਲੇ ਨੂੰ ਜੁਵੇਨਾਇਲ ਜਸਟਿਸ ਐਕਟ, 2015 ਦੇ ਤਹਿਤ ਸਖਤ ਸਜਾ ਤੇ ਜ਼ੁਰਮਾਨਾ ਹੋ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਸਮਾਜ ਵਿੱਚ ਕੋਈ ਵੀ ਬਾਲ ਵਿਆਹ ਦੀ ਜਾਣਕਾਰੀ ਮਿਲਣ ‘ਤੇ ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ , ਕਮਰਾ ਨੰ 405. ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਸੂਚਿਤ ਕੀਤਾ ਜਾਵੇ, ਤਾਂ ਜੋ ਬਾਲ ਵਿਆਹ ਨੂੰ ਰੋਕਿਆ ਜਾ ਸਕੇ। ਉਕਤ ਅਨੁਸਾਰ ਬਾਲ ਵਿਆਹ ਮੁਕਤ ਭਾਰਤ ਮੁਹਿੰਮ ਚਲਾਉਣ ਦਾ ਮੁੱਖ ਮੰਤਵ ਵੱਧ ਤੋਂ ਵੱਧ ਆਮ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਬੱਚਿਆ ਦੇ ਘੱਟ ਉਮਰ ਵਿੱਚ ਵਿਆਹ ਨੂੰ ਰੋਕਣਾ ਹੈ। ਉਕਤ ਪ੍ਰੋਗਰਾਮ ਦੌਰਾਨ ਬਾਲ ਵਿਕਾਸ ਪ੍ਰੋਜੈਕਟ ਅਫਸਰ ਨਵਦੀਪ ਕੌਰ ਸੁਪਰਵਾਈਜ਼ਰ ਸਟਾਫ ਅਤੇ ਆਂਗਣਵਾੜੀ ਵਰਕਰਾਂ ਨੇ ਵੀ ਭਾਗ ਲਿਆ ਗਿਆ।ਪਿੰਡ ਪੱਧਰ ਤੇ ਬਾਲ ਸੁਰੱਖਿਆ ਕਮੇਟੀਆਂ ਵੱਲੋ ਵੀ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਗਿਆ। ਇਸ ਮੌਕੇ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਜਸਵਿੰਦਰ ਕੌਰ, ਸਰਿਕਾ ਰਾਣੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੱਚੇ ਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ।