ਪਟਿਆਲਾ, 5 ਜੁਲਾਈ : ਮੁੱਖ ਮੰਤਰੀ, ਪੰਜਾਬ ਵੱਲੋਂ ਹਾਲ ਹੀ ਵਿੱਚ ਮੁੱਖ ਸਕੱਤਰ ਵਜੋਂ ਤਾਇਨਾਤ ਕੀਤੇ ਗਏ ਅਨੁਰਾਗ ਵਰਮਾ, ਆਈ.ਏ.ਐੱਸ. ਨਾਲ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਗ਼ੈਰ-ਰਸਮੀ ਮੁਲਾਕਾਤ ਕੀਤੀ। ਪ੍ਰੋ. ਅਰਵਿੰਦ ਨੇ ਉਨ੍ਹਾਂ ਨੂੰ ਇਸ ਨਵੀਂ ਜਿ਼ੰਮੇਵਾਰੀ ਲਈ ਵਧਾਈ ਦਿੱਤੀ। ਉਨ੍ਹਾਂ ਇਸ ਮੌਕੇ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਕੁੱਝ ਕਿਤਾਬਾਂ ਵੀ ਭੇਂਟ ਕੀਤੀਆਂ ਜਿਨ੍ਹਾਂ ਵਿੱਚ ਤਿੰਨ ਭਾਸ਼ਾਵਾਂ ਦਾ ਸ਼ਬਦਕੋਸ਼, ਜਪੁਜੀ ਸਾਹਿਬ ਦਾ ਫਾਰਸੀ ਅਨੁਵਾਦ, ਰਾਗ ਰਤਨ ਅਤੇ ਵਿਗਿਆਨ ਵਿਸ਼ੇ ਦੇ ਲੇਖਕ ਮਰਹੂਮ ਪ੍ਰੋ. ਸੁਰਜੀਤ ਸਿੰਘ ਢਿੱਲੋਂ ਦੀਆਂ ਨਵ ਪ੍ਰਕਾਸਿ਼ਤ ਪੁਸਤਕਾਂ ਸ਼ਾਮਿਲ ਸਨ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੁਲਾਕਾਤ ਉਪਰੰਤ ਦੱਸਿਆ ਕਿ ਮੁੱਖ ਸਕੱਤਰ ਅਨੁਰਾਗ ਵਰਮਾ ਬਹੁਤ ਹੀ ਨਿੱਘ ਨਾਲ਼ ਮਿਲੇ ਅਤੇ ਉਨ੍ਹਾਂ ਇਸ ਮੌਕੇ ਯੂਨੀਵਰਸਿਟੀ ਨਾਲ਼ ਆਪਣੀ ਦੋ ਪੱਖਾਂ ਤੋਂ ਵਿਸ਼ੇਸ਼ ਸਾਂਝ ਦਾ ਜਿ਼ਕਰ ਕੀਤਾ। ਜਿ਼ਕਰਯੋਗ ਹੈ ਕਿ ਅਨੁਰਾਗ ਵਰਮਾ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ ਅਤੇ ਯੂਨੀਵਰਸਿਟੀ ਵਿਖੇ ਕਾਰਜਕਾਰੀ ਵਾਈਸ ਚਾਂਸਲਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਪ੍ਰੋ. ਅਰਵਿੰਦ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਭਵਿੱੱਖ ਵਿੱਚ ਜਲਦ ਹੀ ਮਿਲ ਬੈਠਣ ਅਤੇ ਵਿਸਥਾਰ ਸਹਿਤ ਗੱਲ ਕਰਨ ਦੀ ਇੱਛਾ ਵੀ ਪ੍ਰਗਟਾਈ ਗਈ ਤਾਂ ਕਿ ਪੰਜਾਬੀ ਯੂਨੀਵਰਸਿਟੀ ਦੀ ਬਿਹਤਰੀ ਲਈ ਹੋਰ ਕੰਮ ਕੀਤਾ ਜਾ ਸਕੇ ਅਤੇ ਬਿਹਤਰ ਵਿਓਂਤਬੰਦੀ ਕੀਤੀ ਜਾ ਸਕੇ।