ਪਟਿਆਲਾ, 9 ਜੂਨ : ਸੂਬੇ ਦੇ ਮੁੱਖ-ਮੰਤਰੀ ਭਗਵੰਤ ਮਾਨ ਵੱਲੋਂ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਕੈਬਨਿਟ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਜਾ ਰਿਹਾ ਹੈ, ਜਿਸ ਲੜੀ ਦੇ ਤਹਿਤ ਅੱਜ ਓਹ ਜ਼ਿਲ੍ਹਾ ਮਾਨਸਾ ਵਿਖੇ ਆਪਣੀ ਪੂਰੀ ਕੈਬਨਿਟ ਸਮੇਤ ਪਹੁੰਚਣਗੇ। ਇਸਦਾ ਗੰਭੀਰ ਨੋਟਿਸ ਲੈਂਦਿਆਂ, ਲੋਕਸਭਾ ਹਲਕਾ ਬਠਿੰਡਾ ਤੋਂ ਪਾਰਲੀਮੈਂਟ ਦੀ ਚੋਣ ਲੜ ਚੁੱਕੇ, ਪੰਜਾਬ ਭਾਜਪਾ ਦੇ ਸੀਨੀਅਰ ਆਗੂ ਯੁਵਰਾਜ ਰਣਇੰਦਰ ਸਿੰਘ ਨੇ ਸਖ਼ਤ ਸ਼ਬਦਾਂ ‘ਚ ਵਿਰੋਧ ਕੀਤਾ ਅਤੇ ਇਸ ਸਭ ਨੂੰ ਅਧਾਰਹੀਣ ਦੱਸਦਿਆਂ ਮਹਿਜ਼ ਦਿਖਾਵੇਬਾਜ਼ੀ ਦੀ ਰਾਜਨੀਤੀ ਘੋਸ਼ਿਤ ਕੀਤਾ, ਜਿਸਦਾ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ ਹੈ । ਪੰਜਾਬ ਸਰਕਾਰ ਦੀ ਇਸ ਯੋਜਨਾ ਦੇ ਸਬੰਧ 'ਚ ਪ੍ਰੈੱਸ ਬਿਆਨ ਜਾਰੀ ਕਰਦਿਆਂ ਯੁਵਰਾਜ ਰਣਇੰਦਰ ਸਿੰਘ ਨੇ ਕਿਹਾ ਕਿ ਇਹ ਸਕੀਮ ਸਰਕਾਰੀ ਪੈਸੇ ਦੀ ਫ਼ਿਜ਼ੂਲ-ਖਰਚੀ ਅਤੇ ਮਹਿਜ਼ ਸਿਆਸੀ ਡਰਾਮੇਬਾਜ਼ੀ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਉਹਨਾਂ ਪਿਛਲੇ ਸਮੇਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲਾਂ ਕੈਬਨਿਟ ਦੀਆਂ ਮੀਟਿੰਗਾਂ ਪੰਜਾਬ ਸਿਵਲ ਸਕੱਤਰੇਤ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਇਆ ਕਰਦਿਆਂ ਸਨ, ਜਿੱਥੇ ਸਰਕਾਰ ਦੀ ਪੂਰੀ ਕੈਬਨਿਟ ਅਤੇ ਸਹਾਇਕ ਅਮਲਾ ਬੈਠ ਕੇ ਸੂਬੇ ਭਰ 'ਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੰਦੇ ਸਨ ਅਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਵਿਕਾਸ ਕਾਰਜਾਂ ਦੀ ਪੂਰਤੀ ਲਈ ਫੰਡਾਂ ਦੀ ਅਲਾਟਮੈਂਟ ਕੀਤੀ ਜਾਂਦੀ ਸੀ ਪਰ ਹੁਣ ਅਜਿਹਾ ਕੁਝ ਵੀ ਨਹੀਂ ਹੋ ਰਿਹਾ। ਇਸ ਮੌਕੇ ‘ਮਾਨ ਸਰਕਾਰ’ 'ਤੇ ਨਿਸ਼ਾਨਾ ਸਾਧਦਿਆਂ ਓਹਨਾਂ ਕਿਹਾ ਕਿ ਅੱਜ ਦੀ ਤਾਰੀਕ ਵਿੱਚ ਆਰਥਿਕ ਪੱਖੋਂ ਕੰਗਾਲ ਹੋ ਚੁੱਕੀ ਪੰਜਾਬ ਦੀ ਗੈਰ-ਤਜ਼ੁਰਬੇਕਾਰ AAP ਸਰਕਾਰ ਕੋਲ ਸੂਬੇ ਦੇ ਵਿਕਾਸ ਕਾਰਜਾਂ ਲਈ ਨਾ ਤਾਂ ਕੋਈ ਰੋਡਮੈਪ ਹੈ ਅਤੇ ਨਾ ਹੀ ਲੋੜੀਂਦੇ ਫ਼ੰਡ ਹਨ। ਇਸਦੇ ਬਾਵਜੂਦ ਵੀ ਲੋਕਾਂ ‘ਚ ਬਣੇ ਰਹਿਣ ਲਈ ਮੁੱਖ-ਮੰਤਰੀ ਭਗਵੰਤ ਮਾਨ, ਅਜਿਹੀਆਂ ਸਿਆਸੀ ਡਰਾਮੇਬਾਜ਼ੀਆਂ ਦਾ ਸਹਾਰਾ ਲੈ ਰਹੇ ਹਨ, ਜੋ ਕਿ ਕਿਸੇ ਵੀ ਹਾਲਤ ਵਿੱਚ ਤਰਕਸੰਗਤ ਨਹੀਂ ਹੈ। ਇਸ ਮੌਕੇ ਮੁੱਖ-ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਓਹਨਾਂ ਕਿਹਾ ਕਿ ਕੀ ਮੁੱਖ-ਮੰਤਰੀ ਸਾਹਿਬ ਦੱਸਣਗੇ ? ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਓਹ ਜਾ ਰਹੇ ਹਨ, ਉੱਥੋਂ ਦੇ ਵਿਕਾਸ ਕਾਰਜਾਂ ਲਈ ਓਹ ਕਿੰਨੇ ਫ਼ੰਡ ਦੇ ਕੇ ਆ ਰਹੇ ਹਨ ਜਾਂ ਓਥੋਂ ਦੇ ਸਥਾਨਕ ਲੋਕਾਂ ਲਈ ਕੀ-ਕੀ ਐਲਾਨ ਕਰਕੇ ਆ ਰਹੇ ਹਨ ? ਇਸ ਮਗਰੋਂ ਓਹਨਾਂ ਕਿਹਾ ਕਿ ਜੇਕਰ ਕੁਝ ਦੇਣਾ ਹੀ ਨਹੀਂ, ਕੋਈ ਐਲਾਨ ਹੀ ਨਹੀਂ ਕਰਨਾ, ਫ਼ੇਰ ਮਹਿਜ਼ ਦਿਖਾਵੇਬਾਜ਼ੀ ਦੀਆਂ ਮੀਟਿੰਗਾਂ ਲਈ ਪੂਰੀ ਕੈਬਨਿਟ ਅਤੇ ਅਫ਼ਸਰਸ਼ਾਹੀ ਦਾ ਸਰਕਾਰੀ ਖਜ਼ਾਨੇ ਵਿੱਚੋਂ ਤੇਲ ਫੂਕਣਾ ਅਤੇ ਲੋਕਾਂ ਦਾ ਵੀ ਸਮਾਂ ਬਰਬਾਦ ਕਰਨਾ ਕਿੰਨਾ ਕੁ ਜਾਇਜ਼ ਹੈ ? ਵਿਧਾਨਸਭਾ ਹਲਕਾ ਮਾਨਸਾ ਦੇ ਹੱਕ ‘ਚ ਨਿੱਤਰਦਿਆਂ ਯੁਵਰਾਜ ਰਣਇੰਦਰ ਸਿੰਘ ਨੇ ਕਿਹਾ ਕਿ ਮੁੱਖ-ਮੰਤਰੀ ਜੀ ਸਾਫ਼ ਕਰਨ ਕਿ ਅੱਜ ਓਹ ਮਾਨਸਾ ਦੀ ਤਰੱਕੀ ਤੇ ਵਿਕਾਸ ਲਈ ਕਿਹੜਾ ਵੱਡਾ ਐਲਾਨ ਕਰਨ ਜਾ ਰਹੇ ਹਨ ਜਾਂ ਓਹ ਲੋਕਸਭਾ ਹਲਕਾ ਬਠਿੰਡਾ ਨੂੰ ਕੀ ਤੋਹਫ਼ਾ ਦੇਣ ਜਾ ਰਹੇ ਹਨ ? ਇਸਦੇ ਨਾਲ ਹੀ ਓਹਨਾਂ ਪਿਛਲੀ ਕੈਪਟਨ ਸਰਕਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਓਹਨਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਤੌਰ ਪੰਜਾਬ ਦੇ ਮੁੱਖ-ਮੰਤਰੀ ਹੁੰਦਿਆਂ ਵਿਧਾਨਸਭਾ ਹਲਕਾ ਮਾਨਸਾ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਕੁੱਲ 373.49 ਕਰੋੜ ਰੁਪਏ ਦੇ ਫ਼ੰਡ ਮੁਹੱਈਆ ਕਰਵਾਏ ਗਏ ਸਨ, ਜੋ ਕਿ ਸਰਕਾਰੀ ਰਿਕਾਰਡ ਵਿੱਚ ਦਰਜ ਹੈ, ਅੱਜ ਓਹ ਸਾਫ਼ ਕਰਨ ਕਿ ਓਹ ਮਾਨਸਾ ਵਾਸੀਆਂ ਨੂੰ ਕੀ ਤੋਹਫ਼ਾ ਦੇ ਕੇ ਜਾ ਰਹੇ ਹਨ। ਓਹਨਾਂ ਕਿਹਾ ਕਿ ਜੇਕਰ ਅਜਿਹਾ ਕੁਝ ਹੈ ਹੀ ਨਹੀਂ ਤਾਂ ਮੁੱਖ-ਮੰਤਰੀ ਸਾਹਿਬ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਨ ਤੁਰੰਤ ਬੰਦ ਕਰਨ ਅਤੇ ਪੰਜਾਬ ਦੇ ਵਿਕਾਸ ਕਾਰਜਾਂ ਤੇ ਹੋਰ ਅਹਿਮ ਮਸਲਿਆਂ ਨੂੰ ਲੈ ਕੇ ਸੰਜੀਦਾ ਹੋਣ। ਓਹਨਾਂ ਅੱਗੇ ਮੁੱਖ-ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਕਿਸੇ ਪੈਲੇਸ ਵਿੱਚ ਜਾ ਕੇ ਆਪਣੀ ਹੀ ਪਾਰਟੀ ਦੇ ਵਰਕਰਾਂ ਦਾ ਇਕੱਠ ਕਰਨ ਨਾਲ ਲੋਕ ਮਸਲੇ ਹੱਲ ਨਹੀਂ ਹੋਇਆ ਕਰਦੇ । ਜੇਕਰ ਵਾਕਈ ਤੁਸੀਂ ਪੰਜਾਬ ਦੇ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਅਜਿਹੇ ਸਿਆਸੀ ਡਰਾਮੇ ਛੱਡ ਕੇ ਹਕੀਕਤ ‘ਚ ਆਓ ਅਤੇ ਸਹੂਲਤਾਂ ਦੇਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਗਰਾਂਟਾਂ ਜਾਰੀ ਕਰੋ ਤੇ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਓ।