ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮਿਲਣ ਤੋਂ ਰੋਕਿਆ ਗਿਆ ਸੀ : ਚਰਨਜੀਤ ਸਿੰਘ ਚੰਨੀ
ਮਾਨਸਾ, 21 ਦਸੰਬਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਪੰਜਾਬ ਪਰਤਦੇ ਹੀ ਮਾਨਸਾ ਦੇ ਪਿੰਡ ਮੂਸੇ ਪਹੁੰਚੇ। ਚੰਨੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲੇ ਅਤੇ ਸਿੱਧੂ ਮੂਸੇਵਾਲਾ ਦੀ ਮੌਤ ਦਾ ਦੁੱਖ ਸਾਂਝਾ ਕੀਤਾ। ਚੰਨੀ ਨੇ ਕਿਹਾ ਕਿ ਮਾਨਸਾ ਆਉਣ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਸੁਨੇਹਾ ਭੇਜਿਆ ਸੀ ਕਿ ਜੇਕਰ ਉਹ ਮਾਨਸਾ ਆਏ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਮੂਸੇਵਾਲਾ ਦੇ ਪਰਿਵਾਰ ਨਾਲ ਮਿਲਣ ਤੋਂ ਰੋਕਿਆ ਗਿਆ ਸੀ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਬੀਤੀ ਰਾਤ ਮੂਸੇਵਾਲਾ ਦੇ ਘਰ ਠਹਿਰੇ ਸਨ। ਮੂਸੇਵਾਲਾ ਦੇ ਪਿਤਾ ਨਾਲ ਚੰਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਸਾਈਟਸ 'ਤੇ ਵੀ ਸਾਹਮਣੇ ਆਈਆਂ ਹਨ। ਚੰਨੀ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮੂਸੇ ਵਾਲੇ ਪਰਿਵਾਰ ਨੂੰ ਮਿਲਣ ਲਈ ਪਿੰਡ ਪਹੁੰਚੇ।
ਮਾਨਸਾ ਦੀ ਅਦਾਲਤ ਵੱਲੋਂ ਚੰਨੀ ਨੂੰ ਸੰਮਨ ਜਾਰੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਦਾਲਤ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਚੰਨੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵੱਲੋਂ ਸੰਮਨ ਜਾਰੀ ਕੀਤੇ ਗਏ ੲਲ। ਪੁਲਿਸ ਨੂੰ ਚਰਨਜੀਤ ਸਿੰਘ ਚੰਨੀ ਨੂੰ ਸੰਮਨ ਰਿਸੀਵ ਕਰਵਾ ਦਿੱਤੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 12 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਦੇਰ ਸ਼ਾਮ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਸਾਰੀ ਰਾਤ ਸਿੱਧੂ ਮੂਸੇਵਾਲਾ ਪਰਿਵਾਰ ਨਾਲ ਬਿਤਾਉਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ 5:30 ਵਜੇ ਰਵਾਨਾ ਹੋਏ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਠ ਮਹੀਨੇ ਵਿਦੇਸ਼ ਰਹਿਣ ਤੋਂ ਬਾਅਦ ਸੋਮਵਾਰ ਨੂੰ ਪੰਜਾਬ ਪਰਤ ਆਏ ਹਨ। ਚੰਨੀ ਆਪਣੀ ਪੀਐਚਡੀ ਪੂਰੀ ਕਰਨ ਲਈ ਵਿਦੇਸ਼ ਗਏ ਸੀ। ਸੋਮਵਾਰ ਨੂੰ ਨਵੀਂ ਦਿੱਲੀ ਪਹੁੰਚ ਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਹਿਮਾਚਲ ਪ੍ਰਦੇਸ਼ 'ਚ ਪਾਰਟੀ ਦੀ ਜਿੱਤ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਚੰਨੀ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਨੂੰ ਸ਼ਿਸ਼ਟਾਚਾਰ ਮੁਲਾਕਾਤ ਕਿਹਾ।