- ਗਊਸ਼ਾਲਾ ਦੇ ਰੱਖ ਰਖਾਵ ਨੂੰ ਪੁਖ਼ਤਾ ਰੱਖਣ ਦੀ ਹਦਾਇਤ
- ਗਊਸ਼ਾਲਾ ਵਿਚ ਸਟਾਫ਼ ਰੱਖਣ ਅਤੇ ਬੂਟੇ ਲਗਵਾਉਣ ਬਾਰੇ ਨਿਰਦੇਸ਼
- 10 ਦਿਨਾਂ ਵਿੱਚ ਰਿਪੋਰਟ ਭੇਜਣ ਲਈ ਕਿਹਾ
- ਦਾਨੀ ਸੱਜਣ ਗਊ ਮਾਤਾ ਦੀ ਸੇਵਾ ਲਈ ਸਹਿਯੋਗ ਕਰਨ - ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ
ਕਿਸ਼ਨਪੁਰਾ ਕਲਾਂ (ਮੋਗਾ), 26 ਜੂਨ 2024 : ਪੰਜਾਬ ਸਰਕਾਰ ਵੱਲੋਂ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਚਲਾਈ ਜਾ ਰਹੀ ਸਰਕਾਰੀ ਗਊਸ਼ਾਲਾ ਦਾ ਅੱਜ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਸਿੰਗਲਾ ਵੱਲੋਂ ਵਿਸ਼ੇਸ਼ ਤੌਰ ਉਤੇ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹਨਾਂ ਨਾਲ ਧਰਮਕੋਟ ਦੇ ਐੱਸ ਡੀ ਐੱਮ ਸ੍ਰ ਜਸਪਾਲ ਸਿੰਘ ਬਰਾੜ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਹਰਵੀਨ ਕੌਰ ਧਾਲੀਵਾਲ, ਡੀ ਐੱਸ ਪੀ ਸ੍ਰ ਅਮਰਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਗਊਸ਼ਾਲਾ ਦਾ ਨਿਰੀਖਣ ਕਰਦਿਆਂ ਚੇਅਰਮੈਨ ਸਿੰਗਲਾ ਨੇ ਪ੍ਰਬੰਧਕਾਂ ਤੋਂ ਪਿਛਲੇ ਦੋ ਮਹੀਨੇ ਦਾ ਰਿਕਾਰਡ ਮੰਗਵਾ ਕੇ ਚੈੱਕ ਕੀਤਾ ਅਤੇ ਮੈਡੀਕਲ ਟੀਮ ਸਮੇਤ ਸਾਰੇ ਸਟਾਫ਼ ਦੀ ਹਾਜ਼ਰੀ ਚੈੱਕ ਕੀਤੀ। ਉਹਨਾਂ ਮੌਕੇ ਉੱਤੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨਾਲ ਮੋਬਾਈਲ ਉੱਤੇ ਗੱਲ ਕਰਦਿਆਂ ਗਊਸ਼ਾਲਾ ਦੇ ਰੱਖ ਰਖਾਵ ਨੂੰ ਪੁਖ਼ਤਾ ਰੱਖਣ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਗਰਮੀ ਦੇ ਮੌਸਮ ਤੋਂ ਗਊ ਧੰਨ ਨੂੰ ਬਚਾ ਕੇ ਰੱਖਣ ਲਈ ਗਊਸ਼ਾਲਾ ਵਿਚ ਸਟਾਫ਼ ਅਤੇ ਬੂਟੇ ਲਗਵਾਉਣ ਦੀ ਜਰੂਰਤ ਹੈ। ਉਹਨਾਂ ਪ੍ਰਸ਼ਾਸ਼ਨ ਨੂੰ ਕਿਹਾ ਕਿ ਪਸ਼ੂਆਂ ਦੀ ਦੇਖ ਭਾਲ ਦੀ ਨਿੱਜੀ ਤੌਰ ਉੱਤੇ ਨਿਗਰਾਨੀ ਕੀਤੀ ਜਾਵੇ। ਉਹਨਾਂ ਕਿਹਾ ਕਿ ਗਊਆਂ ਦੀ ਚੰਗੀ ਸਾਂਭ ਸੰਭਾਲ ਲਈ ਇੱਥੇ ਹੋਰ ਸਟਾਫ਼ ਰੱਖਿਆ ਜਾਵੇਗਾ। ਉਹਨਾਂ ਆਦੇਸ਼ ਦਿੱਤਾ ਕਿ ਜਲਦ ਹੀ ਇਸਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਬੁਲਾਈ ਜਾਵੇ ਅਤੇ ਇਸ ਗਊਸ਼ਾਲਾ ਦੀ ਬੇਹਤਰੀ ਲਈ ਹੋਰ ਕੀ ਕੀਤਾ ਜਾ ਸਕਦਾ ਹੈ, ਬਾਰੇ ਰਿਪੋਰਟ ਅਗਲੇ 10 ਦਿਨਾਂ ਵਿੱਚ ਕਮਿਸ਼ਨ ਨੂੰ ਭੇਜੀ ਜਾਵੇ। ਉਹਨਾਂ ਪਿੰਡ ਵਾਲਿਆਂ ਨੂੰ ਵੀ ਕਿਹਾ ਕਿ ਉਹ ਧੜੇਬੰਦੀ ਤੋਂ ਉੱਪਰ ਉੱਠ ਕੇ ਗਊਸ਼ਾਲਾ ਦੀ ਬੇਹਤਰੀ ਲਈ ਇੱਕਮੁੱਠ ਹੋ ਕੇ ਕੰਮ ਕਰਨ। ਉਹਨਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਗਊ ਮਾਤਾ ਦੀ ਸੇਵਾ ਲਈ ਸਹਿਯੋਗ ਕਰਨ। ਐੱਸ ਡੀ ਐੱਮ ਸ੍ਰ ਜਸਪਾਲ ਸਿੰਘ ਬਰਾੜ ਅਤੇ ਡਿਪਟੀ ਡਾਇਰੈਕਟਰ ਡਾਕਟਰ ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ 105 ਦੇ ਕਰੀਬ ਗਊਆਂ ਹਨ ਜਿੰਨਾ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਭਾਲਿਆ ਜਾ ਰਿਹਾ ਹੈ। ਜਲਦੀ ਹੀ ਇਸ ਗਊਸ਼ਾਲਾ ਵਿੱਚ ਰਾਊਂਡ ਗਲਾਸ ਗੈਰ ਸਰਕਾਰੀ ਸੰਸਥਾ ਵੱਲੋਂ ਦੋ ਏਕੜ ਖੇਤਰ ਵਿੱਚ ਜੰਗਲ ਲਗਾਇਆ ਜਾ ਰਿਹਾ ਹੈ। ਉਹਨਾਂ ਭਰੋਸਾ ਦਿੱਤਾ ਕਿ ਇਸ ਗਊਸ਼ਾਲਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਇਆ ਜਾਵੇਗਾ।