ਜੱਚਾ-ਬੱਚਾ ਵਿੰਗ ਨੂੰ ਮਿਲਿਆ ਗੁਣਵੱਤਾ ਦਰਜਾ ਸਰਟੀਫਿਕੇਟ 

  • ਉੱਤਮ ਸੇਵਾਵਾਂ ਦੇਣ ਬਦਲੇ ਮਿਲਿਆ ਪ੍ਰਮਾਣ ਪੱਤਰ

ਬਰਨਾਲਾ, 14 ਜੂਨ : ਸਿਹਤ ਵਿਭਾਗ ਬਰਨਾਲਾ ਵਲੋਂ ਇਕ ਹੋਰ ਕੀਰਤੀਮਾਨ ਸਥਾਪਤ ਕਰਦਿਆਂ “ਲਕਸ਼ਿਆ ਪ੍ਰੋਗਰਾਮ” ਤਹਿਤ ਦੇਸ਼ ਭਰ ਦੇ ਮੁਕਾਬਲਿਆਂ ਵਿੱਚ ਸਿਵਲ ਹਸਪਤਾਲ ਬਰਨਾਲਾ ਦੇ ਜੱਚਾ-ਬੱਚਾ ਵਿੰਗ ਨੇ ਉੱਤਮ ਸੇਵਾਵਾਂ ਦੇਣ ਬਦਲੇ ਕੇਂਦਰ ਸਰਕਾਰ ਤੋਂ ਉੱਚ ਗੁਣਵੱਤਾ ਦਾ ਪ੍ਰਮਾਣ ਪੱਤਰ ਹਾਸਲ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਇਸ ਪ੍ਰਾਪਤੀ ਲਈ ਸਿਵਲ ਹਸਪਤਾਲ ਬਰਨਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੋਤੀ ਕੌਸ਼ਲ , ਸਮੂਹ ਡਾਕਟਰ ਸਾਹਿਬਾਨ , ਅਧਿਕਾਰੀ ਤੇ ਕਰਮਚਾਰੀਆਂ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਅਤੇ ਡਿਪਟੀ ਕਮਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ਇਹ ਸਨਮਾਨ ਸਿਵਲ ਹਸਪਤਾਲ ਬਰਨਾਲਾ ਦੇ ਜੱਚਾ-ਬੱਚਾ ਵਿੰਗ ਨੂੰ ਮਿਲਿਆ ਹੈ। ਨੋਡਲ ਅਫ਼ਸਰ ਕਮ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਇਸ ਪ੍ਰਮਾਣ ਪੱਤਰ ਸਬੰਧੀ ਮਿਤੀ 25 ਮਈ ਨੂੰ ਜੱਚਾ ਬੱਚਾ ਹਸਪਤਾਲ ਦੀ ਸਰਕਾਰ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਜਾਂਚ ਕੀਤੀ ਗਈ ਸੀ। ਇਸ ਜਾਂਚ ਅਧੀਨ ਲੇਬਰ ਰੂਮ ਨੂੰ 84 ਫੀਸਦੀ ਅਤੇ ਆਪ੍ਰੇਸ਼ਨ ਥੀਏਟਰ ਨੂੰ 85 ਫੀਸਦੀ ਅੰਕਾਂ ਨਾਲ ਮਰੀਜ਼ਾਂ ਨੂੰ ਚੰਗੀਆਂ ਸਹੂਲਤਾਂ ਦੇਣ ਬਦਲੇ ਇਹ ਪ੍ਰਮਾਣ ਪੱਤਰ ਮਿਲਿਆ ਹੈ। ਡਾ. ਜੋਤੀ ਕੌਸ਼ਲ ਨੇ ਕਿਹਾ ਕਿ ਜੱਚਾ ਬੱਚਾ ਸਿਹਤ ਸੇਵਾਵਾਂ ਸਰਕਾਰ ਦੀਆਂ ਮੁਢਲੀਆਂ ਤੇ ਅਹਿਮ ਸੇਵਾਵਾਂ ਹਨ, ਜਿਨ੍ਹਾਂ ਪ੍ਰਤੀ ਸਿਵਲ ਹਸਪਤਾਲ ਬਰਨਾਲਾ ਦਾ ਸਮੂਹ ਸਟਾਫ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸਿਵਲ ਹਸਪਤਾਲ ਬਰਨਾਲਾ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਉੱਤਮ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਡਾ. ਭਵਨਜੋਤ ਸਿੰਘ ਸਿੱਧੂ ਏ.ਐਚ.ਏ. ਸਿਵਲ ਹਸਪਤਾਲ ਬਰਨਾਲਾ ਨੇ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ ਦੇ ਜੱਚਾ ਬੱਚਾ ਵਿੰਗ ਲਈ ਇਹ ਪ੍ਰਾਪਤੀ ਮਾਣਯੋਗ ਹੈ। ਸਿਹਤ ਵਿਭਾਗ ਦੇ ਜੱਚਾ-ਬੱਚਾ ਵਿੰਗ ਨੂੰ ਗੁਣਵੱਤਾ ਦਰਜਾ ਸਰਟੀਫਿਕੇਟ ਮਿਲਣ 'ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ ਕਿ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਬਿਹਤਰ ਤੋਂ ਬਿਹਤਰ ਸਿਹਤ ਸੇਵਾਵਾਂ ਮੁੱਹਈਆ ਕਾਰਵਾਈਆਂ ਜਾਣ, ਜਿਸ 'ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।