ਬਠਿੰਡਾ,13 ਸਤੰਬਰ : ਕੇਂਦਰੀ ਪੰਜਾਬੀ ਲੇਖਕ ਸਭਾ, ਮਾਂ ਬੋਲੀ ਪੰਜਾਬੀ ਦੀ ਲੰਬੇ ਸਮੇਂ ਤੋਂ ਸੇਵਾ ਕਰ ਰਹੀ ਹੈ ਅਤੇ ਪੰਜਾਬੀ ਦੇ ਵਿਕਾਸ ਲਈ ਯਤਨਸ਼ੀਲ ਹੈ। ਇਸ ਦੀ ਤਿੰਨ ਸਾਲਾਂ ਲਈ ਚੋਣ ਪਿਛਲੇ ਹਫ਼ਤੇ ਮੁਕੰਮਲ ਹੋਈ ਹੈ, ਜਿਸ ਵਿੱਚ ਸ੍ਰੀ ਦਰਸਨ ਸਿੰਘ ਬੁੱਟਰ ਪ੍ਰਧਾਨ ਬਣੇ ਹਨ। ਇਸ ਚੋਣ ਲਈ ਦੋ ਧੜੇ ਪੂਰੀ ਤਰ੍ਹਾਂ ਸਰਗਰਮ ਸਨ ਬੁੱਟਰ ਧੜਾ ਤੇ ਸਿਰਸਾ ਧੜਾ। ਕਾਗਜਾਂ ਦੀ ਪੜਤਾਲ ਉਪਰੰਤ ਨਾਮਜਦਗੀਆਂ ਵਾਪਸ ਲੈਣ ਵਾਲੇ ਦਿਨ ਸਮਾਂ ਸਮਾਪਤੀ ਤੋਂ ਦਸ ਕੁ ਮਿੰਟ ਪਹਿਲਾਂ ਸਿਰਸਾ ਧੜੇ ਦੇ ਸਾਰੇ ਉਮੀਦਵਾਰਾਂ ਨੇ ਨਾਮਜਦਗੀ ਕਾਗਜ ਵਾਪਸ ਲੈ ਲਏ ਸਨ। ਇਸ ਤਰ੍ਹਾਂ ਸ੍ਰੀ ਦਰਸਨ ਸਿੰਘ ਬੁੱਟਰ ਦੇ ਧੜੇ ਦੇ ਸਾਰੇ ਉਮੀਦਵਾਰਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਇਸ ਉਪਰੰਤ ਅਖ਼ਬਾਰਾਂ ਅਤੇ ਸੋਸਲ ਮੀਡੀਆ ਰਾਹੀਂ ਵੱਖ ਵੱਖ ਤਰ੍ਹਾਂ ਚਰਚਾਵਾਂ ਚੱਲ ਰਹੀਆਂ ਹਨ। ਇਸ ਚੋਣ ਪ੍ਰਕਿਰਿਆ ਨੂੰ ਕੋਈ ਸਰਬ ਸੰਮਤੀ ਕਰਾਰ ਦੇ ਰਿਹਾ ਅਤੇ ਕੋਈ ਕਹਿ ਰਿਹਾ ਹੈ ਕਿ ਸ੍ਰ: ਬੁੱਟਰ ਤੇ ਉਸਦੇ ਸਾਥੀ ਨਿਰਵਿਰੋਧ ਚੁਣੇ ਗਏ ਹਨ। ਅਸਲ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ, ਨਾ ਹੀ ਰਜਾਮੰਦੀ ਜਾਂ ਸਰਬਸੰਮਤੀ ਹੋਈ ਹੈ ਅਤੇ ਨਾ ਹੀ ਉਹ ਬਿਨ੍ਹਾਂ ਮੁਕਾਬਲਾ ਜਿੱਤੇ ਹਨ। ਬਲਕਿ ਸਿਰਸਾ ਧੜੇ ਦੀਆਂ ਹੋਈ ਕਈ ਮੀਟਿੰਗਾਂ ਉਪਰੰਤ ਉਹਨਾਂ ਨਾਮਜਦਗੀ ਕਾਗਜ ਵਾਪਸ ਲੈ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਅਹੁਦੇਦਾਰੀਆਂ ਬੁੱਟਰ ਧੜੇ ਨੂੰ ਥਾਲ ’ਚ ਪਰੋਸ ਕੇ ਦਿੱਤੀਆਂ ਗਈਆਂ ਹਨ, ਤਾਂ ਕਿ ਉਹ ਆਪਣੀਆਂ ਜੁਮੇਵਾਰੀਆਂ ਨਿਭਾ ਕੇ ਮਾਂ ਬੋਲੀ ਦੀ ਸੇਵਾ ਕਰ ਸਕਣ। ਇਸ ਸਾਰੀ ਚੋਣ ਪ੍ਰਕਿਰਿਆ ਵਿੱਚ ਪ੍ਰਧਾਨ ਦੇ ਅਹੁਦੇ ਲਈ ਕਸਮਕਸ ਚੱਲ ਰਹੀ ਸੀ, ਸਿਰਸਾ ਧੜਾ ਸ੍ਰ: ਬੁੱਟਰ ਨੂੰ ਛੱਡ ਕੇ ਕਿਸੇ ਵੀ ਹੋਰ ਉਮੀਦਵਾਰ ਨੂੰ ਪ੍ਰਧਾਨ ਬਣਾਉਣ ਲਈ ਰਜਾਮੰਦ ਸੀ ਅਤੇ ਸਰਬਸੰਮਤੀ ਲਈ ਰਾਹ ਪੱਧਰਾ ਹੋ ਚੁੱਕਾ ਸੀ, ਪਰ ਸ੍ਰੀ ਬੁੱਟਰ ਕਿਸੇ ਵੀ ਹਾਲਤ ’ਚ ਪਿੱਛੇ ਹਟਣ ਲਈ ਤਿਆਰ ਨਹੀਂ ਸੀ। ਇਸ ਇਕੋ ਇਕ ਅਹੁਦੇ ਨੇ ਸਭਾ ਦੇ ਅਹੁਦੇਦਾਰਾਂ ਲਈ ਸਰਬਸੰਮਤੀ ਵਿੱਚ ਅੜਿੱਕਾ ਪਾਇਆ। ਸਿਰਸਾ ਧੜੇ ਦੀਆਂ ਇਸ ਮਾਮਲੇ ਨੂੰ ਸੁਲਝਾਉਣ ਲਈ ਕਈ ਮੀਟਿੰਗਾਂ ਹੋਈਆਂ, ਜਿਹਨਾਂ ਵਿੱਚ ਸ੍ਰ: ਸੁਖਦੇਵ ਸਿੰਘ ਸਿਰਸਾ ਸਮੇਤ ਸਰਵ ਸ੍ਰੀ ਕੁਲਦੀਪ ਸਿੰਘ ਦੀਪ, ਅਰਵਿੰਦਰ ਕੌਰ ਕਾਕੜਾ, ਸਰਬਜੀਤ ਸਿੰਘ, ਜਸਪਾਲ ਮਾਨਖੇੜਾ, ਅਨੂਪ ਸਿੰਘ, ਜੋਗਾ ਸਿੰਘ ਸਮੇਤ ਉਹਨਾਂ ਦੇ ਉਮੀਦਵਾਰ ਵੀ ਸ਼ਾਮਲ ਸਨ। ਮੀਟਿੰਗਾਂ ਨੇ ਮਹਿਸੂਸ ਕੀਤਾ ਕਿ ਸਭਾ ਵਿਗਿਆਨਕ ਅਤੇ ਅਗਾਂਵਧੂ ਸੋਚ ਦੇ ਆਧਾਰ ਤੇ ਕੰਮ ਕਰ ਰਹੀ ਹੈ, ਪਰ ਕੁੱਝ ਸ਼ਕਤੀਆਂ ਇਸ ਮਿੱਥ ਨੂੰ ਤੋੜਣ ਲਈ ਯਤਨਸ਼ੀਲ ਹਨ, ਸਭਾ ਭਾਵੇਂ ਦੋਫਾੜ ਵੀ ਹੋ ਜਾਵੇ। ਆਖ਼ਰ ਉਹਨਾਂ ਫੈਸਲਾ ਕੀਤਾ ਕਿ ਸਭਾ ਨੂੰ ਠੇਸ ਨਹੀਂ ਪਹੁੰਚਣ ਦਿੱਤੀ ਜਾਵੇਗੀ, ਇਸ ਲਈ ਉਹਨਾਂ ਦੇ ਧੜੇ ਨਾਲ ਸਬੰਧਤ ਸਾਰੇ ਉਮੀਦਵਾਰ ਆਪਣੇ ਨਾਮਜਦਗੀ ਕਾਗਜ ਵਾਪਸ ਲੈ ਕੇ ਸਭਾ ਨੂੰ ਟੁੱਟਣ ਅਤੇ ਉਸਦੀ ਸੋਚ ਨੂੰ ਬਚਾਉਣ ਲਈ ਪਾਸੇ ਹਟ ਜਾਣ। ਅਜਿਹਾ ਕਰਕੇ ਸਿਰਸਾ ਧੜੇ ਦੇ ਸਾਰੇ ਉਮੀਦਵਾਰਾਂ ਨੇ ਤਿਆਗ ਦੀ ਭਾਵਨਾ ਵਿਖਾਉਂਦਿਆਂ ਚੋਣ ਪ੍ਰਕਿਰਿਆ ਚੋਂ ਦੂਰ ਹੋ ਕੇ ਬੁੱਟਰ ਧੜੇ ਨੂੰ ਥਾਲ ’ਚ ਪਰੋਸ ਕੇ ਅਹੁਦੇਦਾਰੀਆਂ ਸੌਂਪ ਦਿੱਤੀਆਂ। ਹੁਣ ਨਵੀਂ ਟੀਮ ਦਾ ਫ਼ਰਜ ਹੈ ਕਿ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁਟ ਜਾਣ ਤੇ ਆਪਣੇ ਫ਼ਰਜ ਅਦਾ ਕਰਨ। ਨਵੀਂ ਟੀਮ ਨੂੰ ਚਾਹੀਦਾ ਹੈ ਕਿ ਉਹ ਬਿਨ੍ਹਾਂ ਮੁਕਾਬਲਾ ਜਿੱਤਣ ਵਾਲੇ ਭਰਮ ਚੋਂ ਨਿਕਲ ਕੇ ਅਸਲੀਅਤ ਨੂੰ ਸਮਝਦਿਆਂ ਸਭਾ ਦੀ ਮਜਬੂਤੀ ਤੇ ਬਿਹਤਰੀ ਲਈ ਕੰਮ ਕਰੇ, ਜੋ ਮਾਂ ਬੋਲੀ ਦੀ ਭਲਾਈ ਵਿੱਚ ਹੋਵੇਗਾ।