
- ਪੀ.ਜੀ.ਆਰ.ਐੱਸ ਪੋਰਟਲ 'ਤੇ ਵੀ ਕੀਤਾ ਜਾ ਰਿਹਾ ਸ਼ਿਕਾਇਤਾਂ ਦਾ ਨਿਪਟਾਰਾ
ਫਰੀਦਕੋਟ, 23 ਦਸੰਬਰ 2024 : ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਦੇਸ਼ ਵਿਆਪੀ ਮੁਹਿੰਮ 'ਪ੍ਰਸ਼ਾਸਨ ਗਾਓਂ ਕੀ ਔਰ' ਅਧੀਨ 24 ਦਸੰਬਰ ਤੱਕ ਮਨਾਏ ਜਾ ਰਹੇ ‘ਸੁਸਾਸ਼ਨ ਸਪਤਾਹ’ (ਗੁੱਡ ਗਵਰਨੈਂਸ ਵੀਕ) ਤਹਿਤ ਜਿਲ੍ਹੇ ਵਿੱਚ ਵੱਖ ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਦੇਸ਼ ਵਿਆਪੀ ਮੁਹਿੰਮ 'ਪ੍ਰਸ਼ਾਸਨ ਗਾਓਂ ਕੀ ਔਰ' ਤਹਿਤ ਪੰਜਾਬ ਸਰਕਾਰ ਵੱਲੋਂ ਜਿਲ੍ਹੇ ਵਿੱਚ 24 ਦਸੰਬਰ ਤੱਕ ‘ਸੁਸਾਸ਼ਨ ਸਪਤਾਹ’ (ਗੁੱਡ ਗਵਰਨੈਂਸ ਵੀਕ) ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਵੱਖ ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸਹੂਲਤਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਸ਼ਾਸ਼ਨ ਸਪਤਾਹ ਤਹਿਤ ਜਿਲ੍ਹੇ ਦੇ ਪਿੰਡ ਗੋਲੇਵਾਲਾ, ਢੁੱਡੀ, ਬਲਾਕ ਕੋਟਕਪੂਰਾ ਦੇ ਪੰਜ ਗਰਾਈਂ ਕਲਾਂ ਅਤੇ ਜੈਤੋ ਦੇ ਪਿੰਡ ਅਜਿੱਤ ਗਿੱਲ ਅਤੇ ਗੋਮਟੀ ਖੁਰਦ, ਦਬੜ੍ਹੀਖਾਨ, ਵਾੜਾ ਭਾਈਕਾ ਅਤੇ ਲੱਭਵਾਲੀ ਆਦਿ ਵਿਖੇ ਪ੍ਰਸ਼ਾਸ਼ਨ ਗਾਓ ਕੀ ਔਰ ਅਧੀਨ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰ ਵੱਲੋਂ ਮੁੱਹਈਆ ਕਰਵਾਈਆਂ ਜਾਂਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਮੌਕੇ ਤੇ ਹੀ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦਾ ਬਣਦਾ ਲਾਭ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ.ਜੀ.ਆਰ.ਐੱਸ) ਪੋਰਟਲ 'ਤੇ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ 12 ਘੰਟੇ ਦੇ ਅੰਦਰ ਕਰਨਾ ਅਧਿਕਾਰੀਆਂ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਆਮ ਲੋਕਾਂ ਵੱਲੋਂ ਪੀ.ਜੀ.ਆਰ.ਐੱਸ ਪੋਰਟਲ ਰਾਹੀਂ ਭੇਜੀਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਨਿਸ਼ਚਿਤ ਸਮੇਂ ਵਿੱਚ ਹੱਲ ਕੀਤੀਆਂ ਜਾ ਰਹੀਆਂ ਹਨ।