ਅਮਲੋਹ, 17 ਅਕਤੂਬਰ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਬਲਾਕ ਪੱਧਰ ਤੇ ਕੈਂਪ ਲਗਾਏ ਜਾ ਰਹੇ ਹਨ, ਇਨ੍ਹਾਂ ਕੈਂਪਾਂ ਵਿੱਚ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਰੰਗੀਲ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਭਾਂਬਰੀ ਵਿਖੇ ਲਗਾਏ ਕੈਂਪ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਉਸ ਦੀ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ। ਪਿੰਡ ਭਾਂਬਰੀ ਵਿਖੇ ਸੀ.ਆਰ.ਐਮ. ਸਕੀਮ ਅਧੀਨ ਲਗਾਏ ਗਏ ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਅਮਲੋਹ ਸ਼੍ਰੀ ਇਕਬਾਲਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਉਸ ਨੂੰ ਬੇਲਰ ਦੀ ਸਹਾਇਤਾ ਨਾਲ ਗੱਠਾਂ ਦੇ ਰੂਪ ਵਿੱਚ ਤਿਆਰ ਕਰਨ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਤਾਂ ਜੋ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਮਲਚਰ ਦੀ ਸਹਾਇਤਾ ਨਾਲ ਖੇਤ ਵਿੱਚ ਹੀ ਰਲਾ ਕੇ ਭੂਮੀ ਦੀ ਸਿਹਤ ਵਿੱਚ ਵਾਧਾ ਕਰਨ ਬਾਰੇ ਦੱਸਿਆ ਅਤੇ ਐਸ.ਐਮ.ਐਸ. ਸਿਸਟਮ ਵਾਲੀਆਂ ਕੰਬਾਇਨਾਂ ਰਾਹੀਂ ਝੋਨੇ ਦੀ ਕਟਾਈ ਕਰਵਾਉਣ ਬਾਰੇ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਐਸ.ਐਮ.ਐਸ. ਸਿਸਟਮ ਨਾਲ ਪਰਾਲੀ ਨੂੰ ਖੇਤ ਵਿੱਚ ਹੀ ਇੱਕਸਾਰ ਖਿਲਾਰਿਆ ਜਾ ਸਕਦਾ ਹੈ ਅਤੇ ਕਿਸਾਨ ਅਸਾਨੀ ਨਾਲ ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ ਤੇ ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਕਰ ਸਕਦੇ ਹਨ। ਸਹਾਇਕ ਤਕਨੀਕੀ ਮੈਨੇਜਰ ਸ਼੍ਰੀ ਨਵਪ੍ਰੀਤ ਸਿੰਘ ਨੇ ਆਤਮਾ ਸਕੀਮ ਅਧੀਨ ਨਵੀਨਤਮ ਤਕਨਾਲੌਜੀ ਅਤੇ ਸਹਾਇਕ ਧੰਦਿਆਂ ਨੂੰ ਅਪਣਾ ਕੇ ਖੇਤੀ ਨੂੰ ਲਾਹੇਵੰਦ ਬਣਾਉਣ ਦੇ ਮੰਤਵ ਨਾਲ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਜਦੋਂ ਕਿ ਖੇਤੀ ਉਪ ਨਰੀਖਕ ਮਨੀਸ਼ ਕੁਮਾਰ ਨੇ ਪਰਾਲੀ ਦੀ ਸਾਂਭ ਸੰਭਾਲ ਅਤੇ ਪਰਾਲੀ ਦੀ ਸੁਚੱਜੀਜ ਵਰਤੋਂ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਨਾੜ ਨੂੰ ਅੱਗ ਨਾ ਲਗਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਜਿਸ ਨਾਲ ਕਿਸਾਨਾਂ ਨੂੰ ਬਾਅਦ ਵਿੱਚ ਬੇਲੋੜੀਆਂ ਖਾਦਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।