ਲੁਧਿਆਣਾ, 11 ਜਨਵਰੀ : ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ‘ਸੂਰਜੁ ਏਕੋ ਰੁਤਿ ਅਨੇਕ’ ਸਿਰਲੇਖ ਅਧੀਨ ਤਿਆਰ ਕੀਤੇ ਗਏ ਸਾਲ 2023 ਦੇ ਕੈਲੰਡਰ ਨੂੰ ਲੋਕ ਅਰਪਣ ਕੀਤਾ ਗਿਆ। ਇਸ ਕੈਲੰਡਰ ਵਿਚ ਵੱਖੋ-ਵੱਖਰੀਆਂ ਰੁੱਤਾਂ ਵਿਚ ਸੂਰਜ ਉਦੈ ਦੀਆਂ ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਦਾ ਸੰਗ੍ਰਹਿ ਸ਼੍ਰੀ ਹਰਪ੍ਰੀਤ ਸੰਧੂ, ਲੇਖਕ ਅਤੇ ਵਾਤਾਵਰਣ ਪ੍ਰੇਮੀ ਨੇ ਤਿਆਰ ਕਰਕੇ ਕੈਲੰਡਰ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਹੈ। ਸ਼੍ਰੀ ਸੰਧੂ ਨੇ ਇਹ ਕਲਾ ਕਾਰਜ, ਡਾ. ਸੁਰਜੀਤ ਪਾਤਰ, ਪਦਮ ਸ਼੍ਰੀ ਦੀ ਰਹਿਨੁਮਾਈ ਹੇਠ ਤਿਆਰ ਕੀਤਾ ਹੈ। ਡਾ. ਇੰਦਰਜੀਤ ਸਿੰਘ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਸ਼੍ਰੀ ਸੰਧੂ ਦੇ ਨਾਲ ਇਸ ਕੈਲੰਡਰ ਦੀ ਘੁੰਡ ਚੁਕਾਈ ਕੀਤੀ। ਇਸ ਕੈਲੰਡਰ ਵਿਚ ਪੰਜਾਬ ਦੇ ਵੱਖ-ਵੱਖ ਸਥਾਨਾਂ ਤੋਂ ਸੂਰਜ ਦੇ ਪ੍ਰਕਾਸ਼ਮਾਨ ਹੋਣ ਸਮੇਂ ਦੀਆਂ ਤਸਵੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ। ਉਪ-ਕੁਲਪਤੀ ਨੇ ਕਿਹਾ ਕਿ ਇਨ੍ਹਾਂ ਤਸਵੀਰਾਂ ਨਾਲ ਯੂਨੀਵਰਸਿਟੀ ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਕੁਦਰਤ ਦੇ ਵਿਭਿੰਨ ਰੰਗਾਂ ਨੂੰ ਨੇੜਿਓਂ ਹੋ ਕੇ ਵੇਖ ਸਕਣਗੇ। ਉਨ੍ਹਾਂ ਸ਼੍ਰੀ ਸੰਧੂ ਵਲੋਂ ਅਜਿਹੇ ਕਾਰਜਾਂ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਕਿ ਉਹ ਰੂਹ ਨੂੰ ਸਕੂਨ ਦੇਣ ਵਾਲੀ ਫੋਟੋਗ੍ਰਾਫੀ ’ਤੇ ਕਾਰਜ ਕਰਦੇ ਹਨ।